ਸੈਕਰਾਮੈਂਟੋ, 1 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਕੈਂਟੁਕੀ ਰਾਜ ਦੇ ਦੱਖਣ-ਪੱਛਮ ਵਿਚ ਸਿਖਲਾਈ ਦੌਰਾਨ ਅਮਰੀਕੀ ਫੌਜ ਦੇ ਦੋ ਬਲੈਕ ਹਾਵਕ ਹੈਲੀਕਾਪਟਰਾਂ ਦੇ ਟਕਰਾਉਣ ਕਾਰਨ 9 ਸੈਨਿਕਾਂ ਦੀ ਮੌਤ ਹੋ ਗਈ। ਇਹ ਹਾਦਸਾ ਪਿਛਲੀ ਰਾਤ ਵਾਪਰਿਆ। ਫੌਜ ਦੇ ਟਿਕਾਣੇ ਫੋਰਟ ਕੈਂਪਬੈਲ ਦੇ ਬੁਲਾਰੇ ਨਾਨਡਾਈਸ ਥਰਮੈਨ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਫੌਜ ਦੀ 101 ਵੀਂ ਏਅਰਬੋਰਨ ਡਵੀਜ਼ਨ ਦੇ ਡਿਪਟੀ ਕਮਾਂਡਰ ਬ੍ਰਿਗੇਡੀਅਰ ਜਨ ਜੌਹਨ ਲੂਬਾਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ‘ਮਲਟੀ-ਸ਼ਿੱਪ’ ਅਭਿਆਸ ਦੌਰਾਨ ਵਾਪਰੇ ਹਾਦਸੇ ਵਿਚ 2 ਹੈਲੀਕਾਪਟਰਾਂ ਵਿਚ ਸਵਾਰ ਸਾਰੇ 9 ਫੌਜੀ ਮਾਰੇ ਗਏ ਹਨ। ਹਾਦਸੇ ਦਾ ਸ਼ਿਕਾਰ ਹੋਏ ਇਕ ਹੈਲੀਕਾਪਟਰ ਵਿਚ 5 ਜਦਕਿ ਦੂਸਰੇ ਵਿਚ 4 ਸੈਨਿਕ ਸਵਾਰ ਸਨ।