* 3 ਫੌਜੀਆਂ ਦੀ ਮੌਤ; 1 ਜ਼ਖਮੀ
ਸੈਕਰਾਮੈਂਟੋ, 29 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਅਲਾਸਕਾ ਰਾਜ ਵਿਚ ਇਕ ਸਿਖਲਾਈ ਉਡਾਣ ਦੌਰਾਨ ਅੱਧ ਅਸਮਾਨ ਵਿਚ ਅਮਰੀਕੀ ਫੌਜ ਦੇ ਦੋ ਏ.ਐੱਚ.-64 ਅਪਾਚੇ ਹੈਲੀਕਾਪਟਰ ਆਪਸ ਵਿਚ ਟਕਰਾਉਣ ਦੇ ਸਿੱਟੇ ਵਜੋਂ 3 ਫੌਜੀਆਂ ਦੀ ਮੌਤ ਹੋਣ ਤੇ ਇਕ ਹੋਰ ਦੇ ਜ਼ਖਮੀ ਹੋਣ ਦੀ ਖਬਰ ਹੈ। ਯੂ.ਐੱਸ. ਫੌਜ ਦੀ 11 ਵੀਂ ਏਅਰਬੋਰਨ ਡਵੀਜ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਦੋ ਫੌਜੀਆਂ ਦੀ ਮੌਕੇ ਉਪਰ ਹੀ ਮੌਤ ਹੋ ਗਈ, ਜਦਕਿ ਇਕ ਹਸਪਤਾਲ ਨੂੰ ਲਿਜਾਂਦਿਆਂ ਰਸਤੇ ਵਿਚ ਦਮ ਤੋੜ ਗਿਆ। ਇਹ ਹਾਦਸਾ ਫੋਰਟ ਵੇਨਰਾਈਟ ਦੇ ਦੱਖਣ ਵਿਚ ਤਕਰੀਬਨ 100 ਮੀਲ ਦੂਰ ਵਾਪਰਿਆ, ਜਿਥੇ ਫਸਟ ਅਟੈਕ ਬਟਾਲੀਅਨ 25ਵੀਂ ਐਵੀਏਸ਼ਨ ਰੈਜਮੈਂਟ ਦਾ ਟਿਕਾਣਾ ਹੈ। 11ਵੀਂ ਏਅਰਬੋਰਨ ਡਵੀਜਨ ਦੇ ਕਮਾਂਡਿੰਗ ਜਨਰਲ ਮੇਜਰ ਜਨਰਲ ਬਰੀਅਨ ਈਫਲਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਫੌਜੀਆਂ ਦਾ ਵਿਛੋੜਾ ਸਬੰਧਤ ਪਰਿਵਾਰਾਂ, ਸਾਥੀ ਫੌਜੀਆਂ ਤੇ ਡਵੀਜਨ ਲਈ ਅਸਹਿ ਹੈ। ਅਸੀਂ ਇਸ ਦੁੱਖ ਦੀ ਘੜੀ ਵਿਚ ਵਿਛੜ ਗਏ ਫੌਜੀਆਂ ਦੇ ਪਰਿਵਾਰਾਂ ਤੇ ਦੋਸਤਾਂ-ਮਿਤਰਾਂ ਦੇ ਨਾਲ ਖੜ੍ਹੇ ਹਾਂ ਤੇ ਫੌਜ ਦੇ ਸੰਭਾਵੀ ਸਾਧਨਾਂ ਨਾਲ ਉਨਾਂ ਦੀ ਮਦਦ ਕਰਾਂਗੇ। ਯੂ.ਐੱਸ. ਫੌਜ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜ਼ਖਮੀ ਫੌਜੀ ਫੇਅਰਬੈਂਕਸ ਮੈਮੋਰੀਅਲ ਹਸਪਤਾਲ ਵਿਚ ਦਾਖਲ ਹੈ, ਜਿਥੇ ਉਸ ਦੀ ਹਾਲਤ ਸਥਿਰ ਹੈ। ਹਾਦਸੇ ਦੀ ਜਾਂਚ ਆਰਮੀ ਕੰਬਟ ਰੈਡੀਨੈਸ ਸੈਂਟਰ ਟੀਮ ਦੁਆਰਾ ਕੀਤੀ ਜਾਵੇਗੀ।
ਅਮਰੀਕੀ ਫੌਜ ਦੇ ਦੋ ਹੈਲੀਕਾਪਟਰ ਸਿਖਲਾਈ ਉਡਾਣ ਦੌਰਾਨ ਆਪਸ ‘ਚ ਟਕਰਾਏ
