#AMERICA

ਅਮਰੀਕੀ ਟੂਰਿਸਟ ਵੀਜ਼ਾ ਲੈਣ ਵਾਲਿਆਂ ਲਈ ਆਈ ਨਵੀਂ ਖੁਸ਼ਖਬਰੀ

-ਭਾਰਤੀਆਂ ਨੂੰ ਅਮਰੀਕਾ ਲਈ ਟੂਰਿਸਟ ਵੀਜ਼ਾ ਲੈਣ ‘ਚ ਹੋਵੇਗੀ ਸੌਖ
ਵਾਸ਼ਿੰਗਟਨ, 8 ਫਰਵਰੀ (ਪੰਜਾਬ ਮੇਲ)- ਭਾਰਤ ਤੋਂ ਟੂਰਿਸਟ ਵੀਜ਼ੇ ‘ਤੇ ਅਮਰੀਕਾ ਜਾਣ ਵਾਲਿਆਂ ਲਈ ਅਮਰੀਕੀ ਦੂਤਘਰ ਨੇ ਇਕ ਨਵਾਂ ਸੰਦੇਸ਼ ਦਿੱਤਾ ਹੈ। ਕੋਵਿਡ ਕਾਰਨ ਪਿਛਲੇ ਕੁੱਝ ਸਮੇਂ ਤੋਂ ਭਾਰਤੀਆਂ ਨੂੰ ਅਮਰੀਕਾ ਦਾ ਟੂਰਿਸਟ ਵੀਜ਼ਾ ਲੈਣ ਲਈ ਲੰਮੀ ਉਡੀਕ ਕਰਨੀ ਪੈ ਰਹੀ ਹੈ।
ਭਾਰਤ ਤੋਂ ਅਮਰੀਕਾ ਜਾਣ ਦੇ ਚਾਹਵਾਨਾਂ ਲਈ ਅਮਰੀਕੀ ਦੂਤਘਰ ਨੇ ਹੁਣ ਇਕ ਖੁਸ਼ਖਬਰੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਭਾਰਤੀ ਵੀਜ਼ਾ ਬਿਨੈਕਾਰ ਬਾਹਰਲੇ ਮੁਲਕਾਂ ਵਿਚ ਜਾ ਕੇ, ਉਥੋਂ ਅਮਰੀਕਾ ਦਾ ਵੀਜ਼ਾ ਅਪਲਾਈ ਕਰ ਸਕਦੇ ਹਨ। ਇਕ ਅਧਿਕਾਰੀ ਨੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਥਾਈਲੈਂਡ ਤੋਂ ਅਮਰੀਕਾ ਲਈ ਬੀ1-ਬੀ2 ਵੀਜ਼ਾ ਦੀ ਅਪੁਆਇੰਟਮੈਂਟ ਲਈ ਸਮਾਂ ਹੱਦ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਹੁਣ ਭਾਰਤੀ ਉਨ੍ਹਾਂ ਦੇਸ਼ਾਂ ਤੋਂ ਵੀ ਅਮਰੀਕਾ ਦਾ ਵੀਜ਼ਾ ਲੈ ਸਕਦੇ ਹਨ, ਜਿੱਥੇ ਉਡੀਕ ਸਮਾਂ ਘੱਟ ਹੈ। ਸਿੰਗਾਪੁਰ, ਥਾਈਲੈਂਡ, ਵੀਅਤਨਾਮ ਆਦਿ ਮੁਲਕਾਂ ਤੋਂ ਭਾਰਤੀਆਂ ਨੂੰ ਅਮਰੀਕਾ ਲਈ ਟੂਰਿਸਟ ਵੀਜ਼ਾ ਲੈਣ ‘ਚ ਹੁਣ ਸੌਖ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਤੋਂ ਅਮਰੀਕਾ ਦਾ ਵੀਜ਼ਾ ਅਪੁਆਇੰਟਮੈਂਟ ਲੈਣ ਲਈ ਤਕਰੀਬਨ 600 ਦਿਨਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਨਵੀਂ ਵਿਧੀ ਨਾਲ ਭਾਰਤ ਵਿਚ ਅਮਰੀਕੀ ਅੰਬੈਸੀਆਂ ‘ਤੇ ਭਾਰ ਘਟੇਗਾ। ਵੀਜ਼ਾ ਮਿਲਣ ‘ਚ ਦੇਰੀ ਨੂੰ ਘੱਟ ਕਰਨ ਲਈ ਅਮਰੀਕਾ ਨੇ ਹਾਲ ਹੀ ਵਿਚ ਵਿਸ਼ੇਸ਼ ਇੰਟਰਵਿਊਜ਼ ਕਰਵਾਉਣੀਆਂ ਸ਼ੁਰੂ ਕੀਤੀਆਂ ਹਨ। ਇਸ ਦੇ ਲਈ ਦਿੱਲੀ ਸਥਿਤ ਅਮਰੀਕੀ ਦੂਤਘਰ ਤੋਂ ਇਲਾਵਾ ਮੁੰਬਈ, ਚੇਨੱਈ, ਕੋਲਕਾਤਾ ਅਤੇ ਹੈਦਰਾਬਾਦ ਵਿਚ ਕੌਂਸਲਰ ਸਟਾਫ ਵਧਾ ਦਿੱਤਾ ਗਿਆ ਹੈ। ਕਈ ਥਾਂਵਾਂ ‘ਤੇ ਸ਼ਨੀਵਾਰ ਨੂੰ ਵੀ ਕੰਮ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਰੋਜ਼ਾਨਾ ਕੰਮ ਦੇ ਘੰਟੇ ਵੀ ਵਧਾ ਦਿੱਤੇ ਗਏ ਹਨ।

Leave a comment