#AMERICA

ਅਮਰੀਕੀ ਜੰਗਲਾਂ ’ਚ 100 ਸਾਲਾਂ ਦੀ ਸਭ ਤੋਂ ਭਿਆਨਕ ਅੱਗ; 93 ਮੌਤਾਂ

ਹਵਾਈ, 15 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਹਵਾਈ ਸੂਬੇ ’ਚ ਮਾਉਈ ਦੇ ਜੰਗਲ ’ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 93 ਹੋ ਗਈ ਹੈ। ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿਤੀ। ਇਹ ਇਕ ਸਦੀ ਵਿਚ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਘਾਤਕ ਜੰਗਲੀ ਅੱਗ ਹੈ। ਮਾਉਈ ਦੇ ਪੁਲਿਸ ਮੁਖੀ ਜੌਹਨ ਪੇਲਟੀਅਰ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਬਚਾਅ ਅਤੇ ਖੋਜ ਟੀਮਾਂ ਨੇ ਸਿਰਫ਼ 3 ਪ੍ਰਤੀਸ਼ਤ ਖੇਤਰ ਦੀ ਖੋਜ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਦੀ ਸ਼ਨਾਖਤ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਉਨ੍ਹਾਂ ਨੂੰ ਸਿਰਫ ਲਾਸ਼ਾਂ ਦੇ ਅਵਸ਼ੇਸ਼ ਹੀ ਮਿਲੇ ਹਨ। ਪੇਲੇਟੀਅਰ ਨੇ ਦੱਸਿਆ ਕਿ ਹੁਣ ਤੱਕ ਦੋ ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ।
ਪੇਲੇਟੀਅਰ ਨੇ ਕਿਹਾ ਕਿ ਪੁਲਿਸ ਨੂੰ ਲਾਸ਼ਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਪਛਾਣ ਕਰਨ ਲਈ ਡੀ.ਐੱਨ.ਏ. ਟੈਸਟ ਕਰਨ ਦੀ ਜ਼ਰੂਰਤ ਹੋਵੇਗੀ। ਸੂਬੇ ਦੇ ਗਵਰਨਰ ਜੋਸ਼ ਗ੍ਰੀਨ ਨੇ ਕਿਹਾ ਕਿ ਹਵਾਈ ’ਚ ਇਹ ਹੁਣ ਤੱਕ ਦੀ ਸੱਭ ਤੋਂ ਭਿਆਨਕ ਕੁਦਰਤੀ ਆਫ਼ਤ ਹੈ। ਉਨ੍ਹਾਂ ਇਹ ਟਿੱਪਣੀ ਇਤਿਹਾਸਕ ਫਰੰਟ ਸਟਰੀਟ ਦਾ ਦੌਰਾ ਕਰਨ ਉਪਰੰਤ ਕੀਤੀ।
ਉਨ੍ਹਾਂ ਕਿਹਾ, ‘ਅਸੀਂ ਸਿਰਫ ਇੰਤਜ਼ਾਰ ਕਰ ਸਕਦੇ ਹਾਂ ਅਤੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ, ਜੋ ਜ਼ਿੰਦਾ ਹਨ। ਹੁਣ ਸਾਡਾ ਫੋਕਸ ਜਦੋਂ ਵੀ ਸੰਭਵ ਹੋ ਸਕੇ, ਲੋਕਾਂ ਨੂੰ ਇਕਜੁੱਟ ਕਰਨਾ, ਉਨ੍ਹਾਂ ਨੂੰ ਰਿਹਾਇਸ਼ ਦਿਵਾਉਣਾ ਅਤੇ ਉਨ੍ਹਾਂ ਨੂੰ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ’। ਗਵਰਨਰ ਗ੍ਰੀਨ ਨੇ ਕਿਹਾ ਕਿ ਪੱਛਮੀ ਮਾਉਈ ’ਚ ਘੱਟੋ-ਘੱਟ 2,200 ਇਮਾਰਤਾਂ ਤਬਾਹ ਜਾਂ ਨੁਕਸਾਨੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 86 ਪ੍ਰਤੀਸ਼ਤ ਰਿਹਾਇਸ਼ੀ ਹਨ।
ਉਨ੍ਹਾਂ ਕਿਹਾ ਕਿ ਕਰੀਬ ਛੇ ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਹੈ। ਗ੍ਰੀਨ ਅਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ 93 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਮਾਉਈ ਦੇ ਕਾਨਾਪਲੀ ’ਚ ਸ਼ੁਕਰਵਾਰ ਸ਼ਾਮ ਨੂੰ ਲੱਗੀ ਅੱਗ ਨੂੰ ਬੁਝਾਉਣ ’ਚ ਅਧਿਕਾਰੀ ਸਫਲ ਰਹੇ। ਮਾਉਈ ਟਾਪੂ ’ਤੇ ਸਥਿਤ ਇਤਿਹਾਸਕ ਬੀਤੇ ਹਫਤੇ ਬੁੱਧਵਾਰ ਨੂੰ ਬੀਚ ਤੇਜ਼ੀ ਨਾਲ ਫੈਲ ਰਹੀ ਅੱਗ ਨਾਲ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਜੇਕਰ ਬਚੇ ਲੋਕਾਂ ਦੀ ਮੰਨੀਏ, ਤਾਂ ਉਨ੍ਹਾਂ ਨੂੰ ਘਟਨਾ ਬਾਰੇ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ। ਕਾਉਂਟੀ ਅਧਿਕਾਰੀਆਂ ਨੇ ਫੇਸਬੁੱਕ ’ਤੇ ਕਿਹਾ ਕਿ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਅਤੇ ਪੈਸੀਫਿਕ ਡਿਜ਼ਾਸਟਰ ਸੈਂਟਰ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, 4,500 ਲੋਕਾਂ ਨੂੰ ਪਨਾਹ ਦੀ ਲੋੜ ਹੈ। ਇਸ ਤੋਂ ਪਹਿਲਾਂ, ਉਤਰੀ ਕੈਲੀਫੋਰਨੀਆ ’ਚ ਬੁੱਟ ਕਾਉਂਟੀ ’ਚ 2018 ’ਚ ਜੰਗਲ ਦੀ ਅੱਗ ਕਾਰਨ 85 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੂੰ ‘ਕੈਂਪ ਫਾਇਰ’ ਵਜੋਂ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ 1918 ਵਿਚ ਕਾਰਲਟਨ ਕਾਉਂਟੀ, ਮਿਨੇਸੋਟਾ ’ਚ ਜੰਗਲ ਦੀ ਅੱਗ ਨੇ ਹਜ਼ਾਰਾਂ ਘਰ ਤਬਾਹ ਕਰ ਦਿੱਤੇ ਸਨ ਅਤੇ ਸੈਂਕੜੇ ਲੋਕ ਮਾਰੇ ਗਏ ਸਨ। ਇਸ ਨੂੰ ‘ਕਲੋਕੇਟ ਫਾਇਰ’ ਕਿਹਾ ਜਾਂਦਾ ਹੈ।

Leave a comment