#INDIA

ਅਮਰੀਕੀ ਖੁਫੀਆ ਏਜੰਸੀ ਤੋਂ ਮਿਲੀ ਸੂਹ ਉਪਰੰਤ ਮੁੰਬਈ ਪੁਲਿਸ ਨੇ ਵਿਅਕਤੀ ਨੂੰ ਖੁਦਕੁਸ਼ੀ ਤੋਂ ਬਚਾਇਆ

ਮੁੰਬਈ, 16 ਫਰਵਰੀ (ਪੰਜਾਬ ਮੇਲ)- ਮੁੰਬਈ ਪੁਲਿਸ ਨੇ ਅਮਰੀਕੀ ਖੁਫ਼ੀਆ ਏਜੰਸੀ ਤੋਂ ਮਿਲੀ ਸੂਹ ਤੋਂ ਬਾਅਦ 25 ਸਾਲਾ ਵਿਅਕਤੀ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕ ਲਿਆ। ਇਹ ਵਿਅਕਤੀ ਗੂਗਲ ‘ਤੇ ‘ਬਿਨਾਂ ਦਰਦ ਦੇ ਖੁਦਕੁਸ਼ੀ ਕਿਵੇਂ ਕਰੀਏ’ ਬਾਰੇ ਖੋਜ ਕਰ ਰਿਹਾ ਸੀ। ਯੂ.ਐੱਸ. ਨੈਸ਼ਨਲ ਸੈਂਟਰਲ ਬਿਊਰੋ-ਇੰਟਰਪੋਲ ਦੁਆਰਾ ਸਾਂਝੇ ਕੀਤੇ ਆਈ.ਪੀ. ਐਡਰੈੱਸ ਅਤੇ ਸਥਾਨ ਵਰਗੀਆਂ ਮਹੱਤਵਪੂਰਣ ਜਾਣਕਾਰੀਆਂ ਦੇ ਆਧਾਰ ‘ਤੇ ਮੰਗਲਵਾਰ ਦੁਪਹਿਰ ਨੂੰ ਮੁੰਬਈ ਦੇ ਕੁਰਲਾ ਖੇਤਰ ਵਿਚ ਆਈ.ਟੀ. ਕੰਪਨੀ ਵਿਚ ਵਿਅਕਤੀ ਦਾ ਪਤਾ ਲਗਾਇਆ ਗਿਆ ਅਤੇ ਪੁਲਿਸ ਨੇ ਉਸਨੂੰ ਬਚਾਇਆ। ਇੱਥੋਂ ਦੇ ਜੋਗੇਸ਼ਵਰੀ ਇਲਾਕੇ ਦਾ ਰਹਿਣ ਵਾਲਾ ਅਤੇ ਪ੍ਰਾਈਵੇਟ ਕੰਪਨੀ ਵਿਚ ਆਈ.ਟੀ. ਇੰਜੀਨੀਅਰ ਵਜੋਂ ਕੰਮ ਕਰਨ ਵਾਲੇ ਨੇ ਸਿੱਖਿਆ ਅਤੇ ਹੋਰ ਲੋੜਾਂ ਲਈ ਵੱਖ-ਵੱਖ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲਿਆ ਸੀ। ਅਧਿਕਾਰੀ ਨੇ ਕਿਹਾ ਕਿ ਉਹ ਹਾਊਸਿੰਗ ਲੋਨ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ਵਿਚ ਵੀ ਅਸਮਰੱਥ ਸੀ, ਜਿਸ ਤੋਂ ਬਾਅਦ ਉਹ ਡਿਪਰੈਸ਼ਨ ਵਿਚ ਚਲਾ ਗਿਆ ਅਤੇ ਆਨਲਾਈਨ ਖੋਜ ਕਰਨੀ ਸ਼ੁਰੂ ਕਰ ਦਿੱਤੀ ਕਿ ਬਿਨਾਂ ਦਰਦ ਦੇ ਖੁਦਕੁਸ਼ੀ ਕਿਵੇਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਮਰੀਕਾ ਸਥਿਤ ਏਜੰਸੀ ਨੇ ਨਵੀਂ ਦਿੱਲੀ ਸਥਿਤ ਇੰਟਰਪੋਲ ਦਫ਼ਤਰ ਨੂੰ ਇਸ ਬਾਰੇ ਸੁਚੇਤ ਕੀਤਾ, ਜਿਸ ਨੇ ਮੁੰਬਈ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਉਸ ਵਿਅਕਤੀ ਨੂੰ ਕ੍ਰਾਈਮ ਬ੍ਰਾਂਚ ਦੇ ਦਫਤਰ ਲਿਆਂਦਾ ਗਿਆ ਤੇ ਦਿਲਾਸਾ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ।

Leave a comment