#AMERICA

ਅਮਰੀਕੀ ਓਪਨ ‘ਚ ਮੁੜ ਆਹਮੋ-ਸਾਹਮਣੇ ਹੋਣਗੇ ਜੋਕੋਵਿਚ ਤੇ ਮੇਦਵੇਦੇਵ

ਨਿਊਯਾਰਕ, 9 ਸਤੰਬਰ (ਪੰਜਾਬ ਮੇਲ)- ਸਰਬੀਆ ਦੇ ਸੁਪਰਸਟਾਰ ਨੋਵਾਕ ਜੋਕੋਵਿਚ ਨੇ ਯੂ.ਐੱਸ. ਓਪਨ ਦੇ ਸੈਮੀਫਾਈਨਲ ਵਿਚ ਬੇਨ ਸ਼ੈਲਟਨ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ, ਜਿਸ ਵਿਚ ਉਸ ਦਾ ਸਾਹਮਣਾ ਰੂਸ ਦੇ ਦਾਨਿਲ ਮੇਦਵੇਦੇਵ ਨਾਲ ਹੋਵੇਗਾ। ਜੋਕੋਵਿਚ ਨੇ 20 ਸਾਲਾ ਗੈਰ ਦਰਜਾ ਪ੍ਰਾਪਤ ਅਮਰੀਕੀ ਸ਼ੈਲਟਨ ਨੂੰ 6-3, 6-2, 7-6 (4) ਨਾਲ ਹਰਾ ਕੇ ਰਿਕਾਰਡ-ਬਰਾਬਰੀ ਕਰਕੇ 10ਵੀਂ ਵਾਰ ਫਾਈਨਲ ‘ਚ ਪ੍ਰਵੇਸ਼ ਕੀਤਾ। ਗਰੈਂਡ ਸਲੈਮ ਵਿਚ ਇਹ ਉਸ ਦਾ 36ਵਾਂ ਫਾਈਨਲ ਵੀ ਹੈ। ਕੋਵਿਡ-19 ਟੀਕਾਕਰਨ ਨਾ ਹੋਣ ਕਾਰਨ ਉਹ ਪਿਛਲੇ ਸਾਲ ਅਮਰੀਕਾ ਨਹੀਂ ਜਾ ਸਕਿਆ ਸੀ ਪਰ ਹੁਣ 36 ਸਾਲਾ ਖਿਡਾਰੀ ਨਿਊਯਾਰਕ ਵਿਚ ਆਪਣੇ ਚੌਥੇ ਖ਼ਿਤਾਬ ਅਤੇ ਕੁੱਲ ਮਿਲਾ ਕੇ 24ਵੀਂ ਗਰੈਂਡ ਸਲੈਮ ਟਰਾਫੀ ਤੋਂ ਸਿਰਫ਼ ਇੱਕ ਜਿੱਤ ਦੂਰ ਹੈ। ਜੇ ਜੋਕੋਵਿਚ ਇਹ ਖਿਤਾਬ ਜਿੱਤਦਾ ਹੈ, ਤਾਂ ਉਹ ਪੇਸ਼ੇਵਰ ਦੌਰ (1968 ਤੋਂ ਸ਼ੁਰੂ ਹੋਏ) ਵਿਚ ਯੂ.ਐੱਸ. ਓਪਨ ਜਿੱਤਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਜਾਵੇਗਾ। ਐਤਵਾਰ ਨੂੰ ਜੋਕੋਵਿਚ ਦਾ ਸਾਹਮਣਾ 2021 ਦੇ ਯੂ.ਐੱਸ. ਓਪਨ ਚੈਂਪੀਅਨ ਦਾਨਿਲ ਮੇਦਵੇਦੇਵ ਨਾਲ ਹੋਵੇਗਾ, ਜਿਸ ਨੇ ਸ਼ੁੱਕਰਵਾਰ ਰਾਤ ਨੂੰ ਦੂਜੇ ਸੈਮੀਫਾਈਨਲ ਵਿਚ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਜ਼ ਨੂੰ 7-6 (3), 6-1, 3-6, 6-3 ਨਾਲ ਹਰਾਇਆ। ਮੇਦਵੇਦੇਵ ਨੇ ਦੋ ਸਾਲ ਪਹਿਲਾਂ ਫਾਈਨਲ ਵਿਚ ਜੋਕੋਵਿਚ ਨੂੰ ਹਰਾ ਕੇ ਕੈਲੰਡਰ ਸਾਲ ਗ੍ਰੈਂਡ ਸਲੈਮ ਪੂਰਾ ਕਰਨ ਦੀਆਂ ਜੋਕੋਵਿਚ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਸੀ।

Leave a comment