#AMERICA

ਅਮਰੀਕੀ ਏਜੰਸੀਆਂ ਵੱਲੋਂ ਕੋਵਿਡ ਵਾਇਰਸ ਦੇ ਲੈਬ ‘ਚੋਂ ਲੀਕ ਹੋਣ ਬਾਰੇ ਦਾਅਵੇ ਖਾਰਜ

ਵਾਸ਼ਿੰਗਟਨ, 28 ਜੂਨ (ਪੰਜਾਬ ਮੇਲ)- ਅਮਰੀਕੀ ਅਧਿਕਾਰੀਆਂ ਨੇ ਇਕ ਖ਼ੁਫ਼ੀਆ ਰਿਪੋਰਟ ਜਾਰੀ ਕਰਕੇ ਉਨ੍ਹਾਂ ਲੋਕਾਂ ਵੱਲੋਂ ਚੁੱਕੇ ਗਏ ਕੁਝ ਨੁਕਤਿਆਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਦਲੀਲ ਦਿੱਤੀ ਸੀ ਕਿ ਕੋਵਿਡ-19 ਚੀਨ ਦੀ ਇਕ ਲੈਬ ‘ਚੋਂ ਲੀਕ ਹੋਇਆ ਸੀ। ਰਿਪੋਰਟ ‘ਚ ਇਕ ਵਾਰ ਮੁੜ ਦੁਹਰਾਇਆ ਗਿਆ ਹੈ ਕਿ ਅਮਰੀਕੀ ਖ਼ੁਫ਼ੀਆ ਏਜੰਸੀਆਂ ਦੀ ਰਾਇ ਇਸ ਬਾਰੇ ਵੰਡੀ ਹੋਈ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਕਿਵੇਂ ਹੋਈ। ਰਿਪੋਰਟ ਸ਼ੁੱਕਰਵਾਰ ਨੂੰ ਅਮਰੀਕੀ ਕਾਂਗਰਸ ਦੇ ਕਹਿਣ ਉਤੇ ਜਾਰੀ ਕੀਤੀ ਗਈ। ਕਾਂਗਰਸ ਨੇ ਮਾਰਚ ‘ਚ ਇਕ ਬਿੱਲ ਪਾਸ ਕਰ ਕੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਨਾਲ ਸਬੰਧਤ ਖ਼ੁਫੀਆ ਰਿਪੋਰਟ ਨੂੰ ਜਨਤਕ ਕਰਨ ਲਈ ਅਮਰੀਕੀ ਖ਼ੁਫੀਆ ਏਜੰਸੀਆਂ ਨੂੰ 90 ਦਿਨਾਂ ਦਾ ਸਮਾਂ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਤਹਿਤ ਕੰਮ ਕਰਨ ਵਾਲੇ ਖ਼ੁਫੀਆ ਅਧਿਕਾਰੀਆਂ ‘ਤੇ ਸੰਸਦ ਮੈਂਬਰ ਵਾਇਰਸ ਦੇ ਪੈਦਾ ਹੋਣ ਸਬੰਧੀ ਹੋਰ ਜਾਣਕਾਰੀ ਜਾਰੀ ਕਰਨ ਦਾ ਦਬਾਅ ਬਣਾਉਂਦੇ ਰਹੇ ਹਨ। ਹਾਲਾਂਕਿ ਅਧਿਕਾਰੀਆਂ ਦੀ ਦਲੀਲ ਰਹੀ ਹੈ ਕਿ ਸੁਤੰਤਰ ਸਮੀਖਿਆ ‘ਚ ਚੀਨ ਵੱਲੋਂ ਅੜਿੱਕਾ ਪਾਉਣ ਕਾਰਨ ਇਹ ਪਤਾ ਲਾਉਣਾ ਸ਼ਾਇਦ ਅਸੰਭਵ ਹੋ ਗਿਆ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਕਿਵੇਂ ਹੋਈ। ਨਵੀਂ ਰਿਪੋਰਟ ਨੇ ਰਿਪਬਲਿਕਨ ਪਾਰਟੀ ਨਾਲ ਜੁੜੇ ਕੁਝ ਲੋਕਾਂ ਨੂੰ ਨਾਰਾਜ਼ ਕਰ ਦਿੱਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਪ੍ਰਸ਼ਾਸਨ ਗਲਤ ਤਰੀਕੇ ਨਾਲ ਖ਼ੁਫੀਆ ਸੂਚਨਾਵਾਂ ਤੇ ਖੋਜਕਰਤਾਵਾਂ ਨੂੰ ਰੋਕ ਰਿਹਾ ਹੈ। ਇਸ ਸਾਲ ਦੇ ਸ਼ੁਰੂ ਵਿਚ ਊਰਜਾ ਵਿਭਾਗ ਦੀ ਖ਼ੁਫੀਆ ਸ਼ਾਖਾ ਨੇ ਰਿਪੋਰਟ ਜਾਰੀ ਕਰ ਕੇ ਲੈਬਾਰਟਰੀ ਸਬੰਧੀ ਘਟਨਾ ਦੀ ਦਲੀਲ ਦਿੱਤੀ ਸੀ।

Leave a comment