#AMERICA

ਅਮਰੀਕੀ ਅਰਥਵਿਵਸਥਾ ਦਾ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ

ਵਾਸ਼ਿੰਗਟਨ, 29 ਜੁਲਾਈ (ਪੰਜਾਬ ਮੇਲ)– ਅਮਰੀਕਾ ‘ਚ ਨੀਤੀਗਤ ਵਿਆਜ ਦਰ ਵਿਚ ਵਾਧੇ ਦੇ ਬਾਵਜੂਦ ਅਪ੍ਰੈਲ-ਜੂਨ ਤਿਮਾਹੀ ‘ਚ ਅਰਥਵਿਵਸਥਾ ਨੇ ਉਮੀਦ ਨਾਲੋਂ ਕਿਤੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ 2.4 ਫੀਸਦੀ ਦੀ ਦਰ ਨਾਲ ਵਾਧਾ ਕੀਤਾ ਹੈ।
ਅਮਰੀਕੀ ਵਪਾਰ ਵਿਭਾਗ ਨੇ ਵੀਰਵਾਰ ਨੂੰ ਅਪ੍ਰੈਲ-ਜੂਨ ਤਿਮਾਹੀ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਇਸ ਦੌਰਾਨ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਿਕਾਸ ਦਰ ਵਧ ਕੇ 2.4 ਫੀਸਦੀ ਹੋ ਗਈ, ਜਦਕਿ ਜਨਵਰੀ-ਮਾਰਚ ਤਿਮਾਹੀ ਵਿਚ ਇਹ ਦੋ ਫੀਸਦੀ ਰਹੀ ਸੀ।
ਅਮਰੀਕੀ ਅਰਥਵਿਵਸਥਾ ਦੀ ਵਿਕਾਸ ਦਰ ਵਿਚ ਤੇਜ਼ੀ ਆਉਣਾ ਇਸ ਲਿਹਾਜ ਨਾਲ ਅਹਿਮ ਹੈ ਕਿ ਇਸ ਦਾ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਪਿਛਲੇ ਸਾਲ ਤੋਂ ਹੀ ਮਹਿੰਗਾਈ ਨੂੰ ਹੇਠਾਂ ਲਿਆਉਣ ਲਈ ਲਗਾਤਾਰ ਵਿਆਜ ਦਰ ਵਿਚ ਵਾਧਾ ਕਰ ਰਿਹਾ ਹੈ। ਪਿਛਲੀਆਂ 12 ਬੈਠਕਾਂ ‘ਚੋਂ 11 ਵਾਰ ਦਰ ਵਾਧਾ ਹੋਇਆ ਹੈ। ਬੁੱਧਵਾਰ ਨੂੰ ਹੀ ਫੈੱਡਰਲ ਰਿਜ਼ਰਵ ਨੇ ਵਿਆਜ ਦਰ ਨੂੰ ਵਧਾ ਕੇ 5.25-5.50 ਫੀਸਦੀ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਅਗਲੀਆਂ ਬੈਠਕਾਂ ਵਿਚ ਵੀ ਵਿਕਾਸ ਦੀ ਸੰਭਾਨਾਵਾਂ ਨੂੰ ਖੁੱਲ੍ਹਾ ਰੱਖਿਆ ਹੈ। ਹਾਲਾਂਕਿ ਵਿਆਜ ਦਰ ਵਧਾਏ ਜਾਣ ਨਾਲ ਅਮਰੀਕੀ ਅਰਥਵਿਵਸਥਾ ਦੇ ਮੰਦੀ ‘ਚ ਚਲੇ ਜਾਣ ਦੇ ਖਦਸ਼ੇ ਪ੍ਰਗਟਾਏ ਜਾਂਦੇ ਰਹੇ ਹਨ ਪਰ ਇਸ ਨੇ ਆਪਣਾ ਜੁਝਾਰੂਪਨ ਦਿਖਾਉਂਦੇ ਹੋਏ ਇਸ ਤੋਂ ਕਾਫੀ ਹੱਦ ਤੱਕ ਦੂਰ ਰਹਿਣ ਦੇ ਸੰਕੇਤ ਦਿੱਤੇ ਹਨ। ਕੌਮਾਂਤਰੀ ਮੁਦਰਾ ਫੰਡ ਨੇ ਇਸੇ ਹਫਤੇ ਜਾਰੀ ਆਪਣੇ ਅਨੁਮਾਨ ਵਿਚ ਕਿਹਾ ਕਿ ਇਸ ਸਾਲ ਅਮਰੀਕੀ ਅਰਥਵਿਵਸਥਾ ਦੀ ਕੁੱਲ ਵਿਕਾਸ ਦਰ 1.8 ਫੀਸਦੀ ਰਹਿ ਸਕਦੀ ਹੈ, ਜੋ ਸਾਲ 2022 ਵਿਚ 2 ਫੀਸਦੀ ਰਹੀ ਸੀ। ਹਾਲਾਂਕਿ ਮਾਨੇਟਰੀ ਫੰਡ ਨੇ ਅਪ੍ਰੈਲ ‘ਚ ਵਿਕਾਸ ਦਰ 1.6 ਫੀਸਦੀ ਹੀ ਰਹਿਣ ਦੀ ਗੱਲ ਕਹੀ ਸੀ।
ਬੇਰੁਜ਼ਗਾਰੀ ਲਾਭ ਹਾਸਲ ਕਰਨ ਲਈ ਦਿੱਤੀਆਂ ਜਾਣ ਵਾਲੀਆਂ ਅਰਜ਼ੀਆਂ 5 ਮਹੀਨਿਆਂ ‘ਚ ਸਭ ਤੋਂ ਘੱਟ
ਅਮਰੀਕਾ ‘ਚ ਬੇਰੁਜ਼ਗਾਰੀ ਭੱਤਾ ਅਤੇ ਉਸ ਨਾਲ ਜੁੜੇ ਹੋਰ ਲਾਭ ਹਾਸਲ ਕਰਨ ਲਈ ਅਰਜ਼ੀ ਦਾਖਲ ਕਰਨ ਵਾਲਿਆਂ ਦੀ ਗਿਣਤੀ ਵਿਚ ਪਿਛਲੇ ਹਫਤੇ ਗਿਰਾਵਟ ਦਰਜ ਕੀਤੀ ਗਈ। ਇਹ ਅੰਕੜਾ ਘਟਾ ਕੇ 5 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪੁੱਜ ਗਿਆ ਹੈ। ਕਿਰਤ ਮੰਤਰਾਲਾ ਦੀ ਜਾਰੀ ਰਿਪੋਰਟ ਮੁਤਾਬਕ 22 ਜੁਲਾਈ ਨੂੰ ਸਮਾਪਤ ਹਫਤੇ ਵਿਚ ਬੇਰੁਜ਼ਗਾਰੀ ਲਾਭ ਲਈ 2,21,000 ਅਰਜ਼ੀਆਂ ਮਿਲੀਆਂ, ਜਦਕਿ ਇਕ ਹਫਤਾ ਪਹਿਲਾਂ 2,28,000 ਅਰਜ਼ੀਆਂ ਮਿਲੀਆਂ ਸਨ। ਇਨ੍ਹਾਂ ਵਿਚ 7000 ਦੀ ਗਿਰਾਵਟ ਦਰਜ ਕੀਤੀ ਗਈ। ਇਹ ਫਰਵਰੀ ਤੋਂ ਬਾਅਦ ਸਭ ਤੋਂ ਘੱਟ ਹੈ।
ਅਮਰੀਕਾ ‘ਚ 15 ਜੁਲਾਈ ਨੂੰ ਸਮਾਪਤ ਹਫਤੇ ‘ਚ 16.9 ਲੱਖ ਲੋਕ ਬੇਰੁਜ਼ਗਾਰੀ ਲਾਭ ਹਾਸਲ ਕਰ ਰਹੇ ਸਨ। ਇਹ ਉਸ ਦੇ ਪਿਛਲੇ ਹਫਤੇ ਦੀ ਤੁਲਣਾ ‘ਚ ਕਰੀਬ 59,000 ਘੱਟ ਅਤੇ ਜਨਵਰੀ ਤੋਂ ਬਾਅਦ ਸਭ ਤੋਂ ਘੱਟ ਸੀ।

Leave a comment