ਅਮਰੀਕੀ ਅਦਾਲਤ ਵੱਲੋਂ ਤਹੱਵੁਰ ਰਾਣਾ ਦੀ ਹਵਾਲਗੀ ਮਾਮਲੇ ਦੀ ਸੁਣਵਾਈ 12 ਫਰਵਰੀ ਨੂੰ

489
Share

ਵਾਸ਼ਿੰਗਟਨ, 2 ਦਸੰਬਰ (ਪੰਜਾਬ ਮੇਲ)- ਅਮਰੀਕਾ ਦੀ ਇਕ ਅਦਾਲਤ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਹਵਾਲਗੀ ਦੇ ਮਾਮਲੇ ‘ਚ 12 ਫਰਵਰੀ ਨੂੰ ਸੁਣਵਾਈ ਕਰੇਗੀ। ਭਾਰਤ ਨੇ ਰਾਣਾ ਨੂੰ 2008 ਵਿਚ ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਦੇ ਮਾਮਲੇ ‘ਚ ਭਗੌੜਾ ਘੋਸ਼ਿਤ ਕੀਤਾ ਹੈ। ਡੇਵਿਸ ਕੋਲਮੈਨ ਹੇਡਲੀ ਦੇ ਬਚਪਨ ਦੇ ਦੋਸਤ ਰਾਣਾ (59) ਨੂੰ 10 ਜੂਨ ਨੂੰ ਲਾਸ ਏਂਜਲਸ ‘ਚ ਮੁੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਮੁੰਬਈ ਹਮਲਿਆਂ ‘ਚ ਸ਼ਮੂਲੀਅਤ ਦੇ ਮਾਮਲੇ ‘ਚ ਭਾਰਤ ਵੱਲੋਂ ਹਵਾਲਗੀ ਦੀ ਅਪੀਲ ‘ਤੇ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਹਮਲਿਆਂ ਵਿਚ 6 ਅਮਰੀਕੀਆਂ ਸਮੇਤ 166 ਲੋਕਾਂ ਦੀ ਮੌਤ ਹੋ ਗਈ ਸੀ।
ਅਮਰੀਕੀ ਪੁਲਿਸ ਨੇ ਰਾਣਾ ਨੂੰ ਪਹਿਲੀ ਵਾਰ ਸ਼ਿਕਾਗੋ ਓਹਾਰੇ ਹਵਾਈ ਅੱਡੇ ‘ਤੇ ਹੇਡਲੀ ਦੀ ਗ੍ਰਿਫ਼ਤਾਰੀ ਦੇ ਤੁਰੰਤ ਬਾਅਦ ਅਕਤਬੂਰ 2009 ‘ਚ ਗ੍ਰਿਫ਼ਤਾਰ ਕੀਤਾ ਸੀ। ਲਾਸ ਏਂਜਲਸ ‘ਚ ਅਮਰੀਕੀ ਜ਼ਿਲ੍ਹਾ ਕੋਰਟ ਦੀ ਜੱਜ ਜੈਕਲੀਨ ਚੇਲੋਨਿਯਨ ਨੇ 13 ਨਵੰਬਰ ਨੂੰ ਜਾਰੀ ਆਪਣੇ ਆਦੇਸ਼ ‘ਚ ਕਿਹਾ ਕਿ ਇਸ ਮਾਮਲੇ ‘ਚ ਹਵਾਲਗੀ ਦੀ ਸੁਣਵਾਈ 12 ਫਰਵਰੀ, 2021 ਨੂੰ ਸਵੇਰੇ 10 ਵਜੇ ਹੋਵੇਗੀ। ਰਾਣਾ ਕੋਲ ਹਵਾਲਗੀ ਦੀ ਅਪੀਲ ਦੇ ਵਿਰੋਧ ‘ਚ ਪਟੀਸ਼ਨ ਦਾਇਰ ਕਰਨ ਲਈ 21 ਦਸੰਬਰ ਤੱਕ ਦਾ ਸਮਾਂ ਹੈ। ਅਮਰੀਕੀ ਸਰਕਾਰ ਦੇ ਕੋਲ ਇਸ ਦਾ ਜਵਾਬ ਦਾਇਰ ਕਰਨ ਲਈ ਇਕ ਹੋਰ ਮਹੀਨੇ ਦਾ ਸਮਾਂ ਹੋਵੇਗਾ।
ਅਮਰੀਕੀ ਸਰਕਾਰ ਨੇ 28 ਸਤੰਬਰ ਨੂੰ ਆਪਣੇ ਪ੍ਰਸਤਾਵ ‘ਚ ਰਾਣਾ ਨੂੰ ਭਾਰਤ ਦੇ ਹਵਾਲੇ ਕੀਤੇ ਜਾਣ ਦਾ ਸਮਰਥਨ ਕੀਤਾ ਸੀ। ਭਾਰਤ ‘ਚ ਉਸ ਦੇ ਖਿਲਾਫ਼ ਯੁੱਧ ਛੇੜਨ, ਅੱਤਵਾਦੀ ਗਤੀਵਿਧੀ ਨੂੰ ਅੰਜਾਮ ਦੇਣ, ਯੁੱਧ ਛੇੜਨ ਦੀ ਸਾਜਿਸ਼ ਰਚਣ ਅਤੇ ਕਤਲ ਕਰਨ ਸਮੇਤ ਕਈ ਹੋਰ ਮਾਮਲਿਆਂ ‘ਚ ਦੋਸ਼ ਤੈਅ ਕੀਤੇ ਗਏ ਹਨ। ਰਾਣਾ ਨੇ ਆਪਣੇ ਬਚਾਅ ‘ਚ ਦਲੀਲ ਦਿੱਤੀ ਸੀ ਕਿ ਅਮਰੀਕਾ ਦਾ ਹੇਡਲੀ ਨੂੰ ਭਾਰਤ ਦੇ ਹਵਾਲੇ ਨਾ ਕਰਨ ਦਾ ਫ਼ੈਸਲਾ ਅਸੰਗਤ ਹੈ ਅਤੇ ਇਹ ਉਸ ਦੀ ਹਵਾਲਗੀ ਨੂੰ ਰੋਕਦਾ ਹੈ। ਅਮਰੀਕਾ ਦੇ ਅਟਾਰਨੀ ਨਿਕੋਲਾ ਟੀ ਹੰਨਾ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ ਤਰਕ ਦਿੱਤਾ ਕਿ ਹੇਡਲੀ ਨੇ ਲੋੜੀਂਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਸਨ। ਉਨ੍ਹਾਂ ਨੇ ਕਿਹਾ, ”ਰਾਣਾ ਦੀ ਸਥਿਤੀ ਵੱਖ ਹੈ ਕਿਉਂਕਿ ਉਸ ਨੇ ਨਾ ਤਾਂ ਅਪਰਾਧ ਸਵੀਕਾਰ ਕੀਤਾ ਅਤੇ ਨਾ ਹੀ ਅਮਰੀਕੀ ਸਰਕਾਰ ਦੇ ਨਾਲ ਸਹਿਯੋਗ ਕੀਤਾ, ਇਸ ਲਈ ਉਸ ਨੂੰ ਉਹ ਲਾਭ ਨਹੀਂ ਦਿੱਤੇ ਜਾ ਸਕਦੇ, ਜੋ ਹੇਡਲੀ ਨੂੰ ਦਿੱਤੇ ਗਏ। ਇਹ ਰੁਖ਼ ਨਾ ਅਸੰਗਤ ਹੈ ਅਤੇ ਨਾ ਹੀ ਰਾਣਾ ਦੀ ਹਵਾਲਗੀ ਨੂੰ ਰੋਕਦਾ ਹੈ।”
ਹੰਨਾ ਨੇ ਕਿਹਾ ਕਿ ਰਾਣਾ ਦੇ ਉਲਟ ਹੇਡਲੀ ਨੇ ਆਪਣੇ ਸਾਰੇ ਦੋਸ਼ ਤੁਰੰਤ ਸਵੀਕਾਰ ਕਰ ਲਏ ਸਨ। ਪਾਕਿਸਤਾਨ ‘ਚ ਪੈਦਾ ਹੋਏ ਰਾਣਾ ਨੇ ਉੱਥੇ ਆਰਮੀ ਮੈਡੀਕਲ ਕਾਲਜ ਤੋਂ ਪੜ੍ਹਾਈ ਪੂਰੀ ਕੀਤੀ ਸੀ ਅਤੇ ਉਸ ਨੇ ਪਾਕਿਸਤਾਨੀ ਸੈਨਾ ਵਿਚ ਕਰੀਬ ਇਕ ਦਹਾਕੇ ਤੱਕ ਡਾਕਟਰ ਦੇ ਰੂਪ ‘ਚ ਸੇਵਾਵਾਂ ਦਿੱਤੀਆਂ ਸਨ ਪਰ ਬਾਅਦ ਵਿਚ ਉਸ ਨੇ ਇਹ ਕਿੱਤਾ ਛੱਡ ਦਿੱਤਾ। ਉਹ ਇਸ ਸਮੇਂ ਕੈਨੇਡਾ ਦਾ ਨਾਗਰਿਕ ਹੈ ਪਰ ਸ਼ਿਕਾਗੋ ਵਿਚ ਰਹਿੰਦਾ ਸੀ, ਜਿੱਥੇ ਉਸ ਦਾ ਕਾਰੋਬਾਰ ਸੀ। ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਦੇ ਮੁਤਾਬਕ, ਉਹ ਕੈਨੈਡਾ, ਪਾਕਿਸਤਾਨ, ਜਰਮਨੀ ਅਤੇ ਬ੍ਰਿਟੇਨ ਵਿਚ ਰਿਹਾ ਅਤੇ ਸੱਤ ਭਾਸ਼ਾਵਾਂ ਬੋਲਦਾ ਹੈ। ਮੁੰਬਈ ਹਮਲਿਆਂ ਦਾ ਅਪਰਾਧੀ ਹੇਡਲੀ ਸਰਕਾਰੀ ਗਵਾਹ ਬਣ ਗਿਆ ਸੀ ਅਤੇ ਇਸ ਸਮੇਂ ਅਮਰੀਕਾ ਵਿਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਹਮਲੇ ਵਿਚ ਸ਼ਾਮਲ ਪਾਕਿਸਤਾਨੀ ਨਾਗਰਿਕ ਮੁਹੰਮਦ ਅਜ਼ਮਲ ਕਸਾਬ ਨੂੰ 21 ਨਵੰਬਰ, 2012 ਵਿਚ ਫਾਂਸੀ ਦਿੱਤੀ ਗਈ ਸੀ। ਉਹ ਹਮਲਾਵਰਾਂ ਵਿਚੋਂ ਇਕ ਸੀ, ਜਿਸ ਨੂੰ ਜਿਉਂਦਾ ਫੜਿਆ ਗਿਆ ਸੀ।


Share