#AMERICA

ਅਮਰੀਕਾ ‘ਚ 25 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ

ਹੈਦਰਾਬਾਦ/ਵਾਸ਼ਿੰਗਟਨ, 9 ਫਰਵਰੀ (ਪੰਜਾਬ ਮੇਲ)- (ਆਈ.ਏ.ਐੱਨ.ਐੱਸ.):  ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਤੇਲੰਗਾਨਾ ਦੇ ਇੱਕ ਵਿਦਿਆਰਥੀ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਸ ਤੋਂ ਹੱਥ ਵਿਚ ਫੜੀ ਬੰਦੂਕ ਅਚਾਨਕ ਚਲ ਪਈ। ਉਸ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਸੋਮਵਾਰ ਰਾਤ (ਸਥਾਨਕ ਸਮੇਂ ਅਨੁਸਾਰ) ਅਲਬਾਮਾ ਰਾਜ ਦੇ ਔਬਰਨ ਵਿੱਚ ਵਾਪਰੀ ਇਸ ਘਟਨਾ ਵਿੱਚ ਖੰਮਮ ਜ਼ਿਲ੍ਹੇ ਦੇ 25 ਸਾਲਾ ਮਹਾਂਕਾਲੀ ਅਖਿਲ ਸਾਈ ਦੀ ਮੌਤ ਹੋ ਗਈ। ਸਾਈਂ ਕਰੀਬ 13 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਅਤੇ ਔਬਰਨ ਯੂਨੀਵਰਸਿਟੀ ਵਿੱਚ ਐਮ.ਐਸ. ਦੀ ਪੜ੍ਹਾਈ ਕਰ ਰਿਹਾ ਸੀ। ਉਹ ਨੇੜਲੇ ਗੈਸ ਸਟੇਸ਼ਨ ‘ਤੇ ਪਾਰਟ ਟਾਈਮ ਨੌਕਰੀ ਵੀ ਕਰਦਾ ਸੀ।ਉਸ ਦੇ ਪਰਿਵਾਰ ਤੱਕ ਪਹੁੰਚੀ ਜਾਣਕਾਰੀ ਅਨੁਸਾਰ ਉਸ ਨੇ ਸੁਰੱਖਿਆ ਗਾਰਡ ਦੀ ਬੰਦੂਕ ਚੁੱਕੀ ਅਤੇ ਹੱਥਾਂ ਵਿਚ ਫੜ ਕੇ ਉਸ ਨੂੰ ਨੇੜਿਓਂ ਦੇਖ ਰਿਹਾ ਸੀ, ਜਦੋਂ ਇਹ ਅਚਾਨਕ ਗ਼ਲਤੀ ਨਾਲ ਚਲ ਪਈ।  ਗੋਲੀ ਉਸ ਦੇ ਸਿਰ ਵਿੱਚ ਲੱਗੀ। ਗੈਸ ਸਟੇਸ਼ਨ ਦੇ ਕਰਮਚਾਰੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਨੌਜਵਾਨ ਖੰਮਮ ਜ਼ਿਲ੍ਹੇ ਦੇ ਮਧੀਰਾ ਸ਼ਹਿਰ ਦਾ ਰਹਿਣ ਵਾਲਾ ਸੀ। ਸੂਚਨਾ ਮਿਲਣ ‘ਤੇ ਉਸ ਦਾ ਪਰਿਵਾਰ ਸਦਮੇ ਵਿਚ ਹੈ। ਪਰਿਵਾਰ ਨੇ ਭਾਰਤ ਸਰਕਾਰ ਤੋਂ ਮ੍ਰਿਤਕ ਦੇਹ ਨੂੰ ਘਰ ਲਿਆਉਣ ਲਈ ਮਦਦ ਦੀ ਮੰਗ ਕੀਤੀ ਹੈ।

Leave a comment