-ਚੀਨੀ ਕੰਪਨੀਆਂ ‘ਤੇ ਵੀ ਲੱਗੀਆਂ ਪਾਬੰਦੀਆਂ
ਪੇਈਚਿੰਗ, 28 ਫਰਵਰੀ (ਪੰਜਾਬ ਮੇਲ)- ਅਮਰੀਕਾ ਵੱਲੋਂ ਰੂਸ ਦੇ ਵੈਗਨਰ ਗਰੁੱਪ ਨਾਲ ਜੁੜੀਆਂ ਕੰਪਨੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਤੋਂ ਚੀਨ ਭੜਕ ਗਿਆ ਹੈ। ਇਸ ਨਾਲ ਕਈ ਚੀਨੀ ਕੰਪਨੀਆਂ ‘ਤੇ ਵੀ ਪਾਬੰਦੀ ਲੱਗ ਗਈ ਹੈ।
ਚੀਨ ਨੇ ਅਮਰੀਕਾ ‘ਤੇ ਦੋਸ਼ ਲਾਇਆ ਕਿ ਉਹ ਸਿੱਧੇ ਤੌਰ ‘ਤੇ ਧੱਕੇਸ਼ਾਹੀ ਕਰ ਰਿਹਾ ਹੈ ਅਤੇ ਉਸ ਦਾ ਦੋਗਲਾ ਚਿਹਰਾ ਬੇਨਕਾਬ ਹੋ ਗਿਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਪਾਬੰਦੀਆਂ ਦਾ ਕੌਮਾਂਤਰੀ ਕਾਨੂੰਨ ‘ਚ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਬੰਦੀਆਂ ਦਾ ਚੀਨ ਦੇ ਹਿੱਤਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਚੀਨ ਨੇ ਇਸ ਦੀ ਨਿਖੇਧੀ ਕਰਦਿਆਂ ਅਮਰੀਕਾ ਕੋਲ ਸ਼ਿਕਾਇਤ ਵੀ ਕੀਤੀ ਹੈ। ਮਾਓ ਨੇ ਕਿਹਾ ਕਿ ਅਮਰੀਕਾ ਨੇ ਸੰਘਰਸ਼ ‘ਚ ਸ਼ਾਮਲ ਇਕ ਧਿਰ (ਯੂਕਰੇਨ) ਨੂੰ ਹਥਿਆਰ ਭੇਜਣ ਦੀ ਕਵਾਇਦ ਤੇਜ਼ ਕਰ ਦਿੱਤੀ ਹੈ, ਜਿਸ ਦੇ ਨਤੀਜੇ ਵਜੋਂ ਜੰਗ ਖ਼ਤਮ ਹੋਣ ਦੇ ਆਸਾਰ ਨਹੀਂ ਦਿਖ ਰਹੇ ਹਨ। ਇਹ ਵੀ ਝੂਠ ਫੈਲਾਇਆ ਜਾ ਰਿਹਾ ਹੈ ਕਿ ਚੀਨ ਵੱਲੋਂ ਰੂਸ ਨੂੰ ਹਥਿਆਰ ਸਪਲਾਈ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਵੈਗਨਰ ਪ੍ਰਾਈਵੇਟ ਰੂਸੀ ਫ਼ੌਜੀ ਕੰਪਨੀ ਹੈ, ਜਿਸ ‘ਤੇ ਪੂਰਬੀ ਯੂਕਰੇਨ ‘ਚ ਜੰਗ ‘ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ।
ਪਾਬੰਦੀਆਂ ਨਾਲ ਚੀਨੀ ਕੰਪਨੀ ਚੈਂਗਸ਼ਾ ਤਿਆਨਯੀ ਸਪੇਸ ਸਾਇੰਸ ਐਂਡ ਤਕਨਾਲੋਜੀ ਰਿਸਰਚ ਇੰਸਟੀਚਿਊਟ ‘ਤੇ ਵੀ ਅਸਰ ਪਿਆ ਹੈ, ਜਿਸ ਨੇ ਵੈਗਨਰ ਗਰੁੱਪ ਨਾਲ ਜੁੜੀਆਂ ਸੰਸਥਾਵਾਂ ਨੂੰ ਯੂਕਰੇਨ ਦੀਆਂ ਸੈਟੇਲਾਈਟ ਤਸਵੀਰਾਂ ਸਪਲਾਈ ਕੀਤੀਆਂ ਸਨ।