#AMERICA

ਅਮਰੀਕਾ ਵੱਲੋਂ ਭਾਰਤ ਨੂੰ ਸੁਰੱਖਿਆ ਕੌਂਸਲ ਦਾ ਮੈਂਬਰ ਬਣਾਏ ਜਾਣ ਦੀ ਮੁੜ ਹਮਾਇਤ

ਨਿਊਯਾਰਕ, 14 ਸਤੰਬਰ (ਪੰਜਾਬ ਮੇਲ)- ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਸੁਧਾਰ ਦੇ ਸਬੰਧ ਵਿਚ ਨਵੇਂ ਮਤੇ ਪੇਸ਼ ਕੀਤੇ ਅਤੇ ਭਾਰਤ, ਜਪਾਨ ਤੇ ਜਰਮਨੀ ਨੂੰ ਸੁਰੱਖਿਆ ਕੌਂਸਲ ਦੀ ਸਥਾਈ ਮੈਂਬਰਸ਼ਿਪ ਦੇਣ ਦੀ ਹਮਾਇਤ ਦੁਹਰਾਈ। ਸਿਖ਼ਰ ਸੰਮੇਲਨ ਤੇ ਸੰਯੁਕਤ ਰਾਸ਼ਟਰ ਮਹਾਸਭਾ ‘ਚ ਉੱਚ ਪੱਧਰੀ ਪ੍ਰੋਗਰਾਮਾਂ ਲਈ ਆਲਮੀ ਆਗੂਆਂ ਦੇ ਨਿਊਯਾਰਕ ‘ਚ ਇਕੱਠਾ ਹੋਣ ਤੋਂ ਕੁਝ ਹੀ ਦਿਨ ਪਹਿਲਾਂ ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਲਿੰਡਾ ਥੌਮਸ-ਗਰੀਨਫੀਲਡ ਨੇ ਬੀਤੇ ਦਿਨੀਂ ਕਿਹਾ ਕਿ ਅਮਰੀਕਾ ਅਫਰੀਕੀ ਮੁਲਕਾਂ ਨੂੰ ਸੁਰੱਖਿਆ ਕੌਂਸਲ ‘ਚ ਆਰਜ਼ੀ ਮੈਂਬਰਸ਼ਿਪ ਦੇਣ ਤੋਂ ਇਲਾਵਾ ਦੋ ਅਫਰੀਕੀ ਮੁਲਕਾਂ ਨੂੰ ਸਥਾਈ ਮੈਂਬਰ ਬਣਾਉਣ ਦੀ ਵੀ ਹਮਾਇਤ ਕਰਦਾ ਹੈ। ਭਾਰਤ, ਜਰਮਨੀ ਅਤੇ ਜਪਾਨ ਨੂੰ ਸਥਾਈ ਮੈਂਬਰ ਬਣਾਉਣ ਲਈ ਅਮਰੀਕਾ ਦੀ ਲੰਮੇ ਸਮੇਂ ਦੀ ਹਮਾਇਤ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ, ‘ਜੀ-4 ਦੀ ਜਿੱਥੇ ਤੱਕ ਗੱਲ ਹੈ, ਤਾਂ ਅਸੀਂ ਜਪਾਨ, ਜਰਮਨੀ ਤੇ ਭਾਰਤ ਲਈ ਹਮਾਇਤ ਜ਼ਾਹਿਰ ਕੀਤੀ ਹੈ।’