22.5 C
Sacramento
Thursday, September 21, 2023
spot_img

ਅਮਰੀਕਾ ਵੱਲੋਂ ਨਸ਼ਾ ਤਸਕਰੀ ‘ਚ ਸ਼ਾਮਲ 23 ਦੇਸ਼ਾਂ ਦੀ ਸੂਚੀ ਜਾਰੀ

-ਭਾਰਤ ਅਤੇ ਪਾਕਿਸਤਾਨ ਦਾ ਨਾਂ ਵੀ ਸ਼ਾਮਲ
ਵਾਸ਼ਿੰਗਟਨ, 19 ਸਤੰਬਰ (ਪੰਜਾਬ ਮੇਲ)- ਅਮਰੀਕਾ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਉਨ੍ਹਾਂ ਦੇ ਉਤਪਾਦਨ ਵਿਚ ਸ਼ਾਮਲ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਭਾਰਤ ਦਾ ਨਾਂਅ ਵੀ ਸ਼ਾਮਲ ਹੈ। ਸੂਚੀ ਵਿਚ ਕੁੱਲ 23 ਦੇਸ਼ਾਂ ਦੇ ਨਾਂਅ ਹਨ। ਹਾਲਾਂਕਿ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਸੂਚੀ ‘ਚ ਕਿਸੇ ਵੀ ਦੇਸ਼ ਦਾ ਨਾਂਅ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਉਥੋਂ ਦੀ ਸਰਕਾਰ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਕਦਮ ਨਹੀਂ ਚੁੱਕ ਰਹੀ ਜਾਂ ਉਹ ਇਸ ਮਾਮਲੇ ‘ਚ ਅਮਰੀਕੀ ਸਰਕਾਰ ਨਾਲ ਸਹਿਯੋਗ ਨਹੀਂ ਕਰ ਰਹੀ। ਭਾਰਤ ਤੋਂ ਇਲਾਵਾ ਅਫ਼ਗਾਨਿਸਤਾਨ, ਮਿਆਂਮਾਰ, ਪਾਕਿਸਤਾਨ, ਚੀਨ, ਪਨਾਮਾ, ਪੇਰੂ, ਮੈਕਸੀਕੋ, ਜਮੈਕਾ, ਹੋਂਡੁਰਸ, ਨਿਕਾਰਾਗੁਆ, ਇਕਵਾਡੋਰ, ਬਹਾਮਾਸ, ਹੈਤੀ ਵਰਗੇ ਦੇਸ਼ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਵੇਂ ਸਰਕਾਰਾਂ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਲਈ ਸਖ਼ਤ ਕਦਮ ਚੁੱਕ ਰਹੀਆਂ ਹਨ, ਪਰ ਭੂਗੋਲਿਕ, ਵਪਾਰਕ ਅਤੇ ਆਰਥਕ ਕਾਰਨਾਂ ਕਰਕੇ ਇਨ੍ਹਾਂ ਦੇਸ਼ਾਂ ਵਿਚ ਨਸ਼ਿਆਂ ਦਾ ਉਤਪਾਦਨ ਅਤੇ ਵਪਾਰ ਹੋ ਰਿਹਾ ਹੈ। ਇਸ ਸੂਚੀ ਵਿਚ ਉਹ ਦੇਸ਼ ਵੀ ਸ਼ਾਮਲ ਹਨ, ਜੋ ਨਸ਼ੀਲੇ ਪਦਾਰਥ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਦਾ ਗੈਰ-ਕਾਨੂੰਨੀ ਤੌਰ ‘ਤੇ ਨਿਰਮਾਣ ਕਰਦੇ ਹਨ। ਅਜਿਹੇ ਰਸਾਇਣਾਂ ਤੋਂ ਬਣੇ ਨਸ਼ੀਲੇ ਪਦਾਰਥ ਅਮਰੀਕਾ ਨੂੰ ਵੀ ਪ੍ਰਭਾਵਤ ਕਰ ਰਹੇ ਹਨ। ਰਿਪੋਰਟ ਵਿਚ ਚੀਨ ਨੂੰ ਨਸ਼ੀਲੇ ਪਦਾਰਥਾਂ ਲਈ ਲੋੜੀਂਦੇ ਰਸਾਇਣਾਂ ਦਾ ਮੁੱਖ ਸਰੋਤ ਦੱਸਿਆ ਗਿਆ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅੰਕੜਿਆਂ ਅਨੁਸਾਰ, 2022 ਵਿਚ ਅਮਰੀਕਾ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਲਗਭਗ 1.09 ਲੱਖ ਲੋਕਾਂ ਦੀ ਮੌਤ ਹੋਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਨੁਕਸਾਨ ਪਹੁੰਚਾਉਣ ਵਾਲੀਆਂ ਜ਼ਿਆਦਾਤਰ ਨਸ਼ੀਲੀਆਂ ਦਵਾਈਆਂ ਇਸ ਦੀ ਸਰਹੱਦ ਪਾਰ ਤੋਂ ਪੈਦਾ ਹੁੰਦੀਆਂ ਹਨ। ਇਸ ਨੂੰ ਕਾਬੂ ਕਰਨ ਲਈ ਅਮਰੀਕਾ ਕਈ ਅੰਤਰਰਾਸ਼ਟਰੀ ਭਾਈਵਾਲਾਂ ਅਤੇ ਦੇਸ਼ਾਂ ਨਾਲ ਕੰਮ ਕਰ ਰਿਹਾ ਹੈ। ਇਸ ਵਾਰ ਅਫਗਾਨਿਸਤਾਨ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ, ਜੋ ਨਸ਼ਿਆਂ ‘ਤੇ ਕਾਬੂ ਪਾਉਣ ‘ਚ ਅਸਫਲ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਪਿਛਲੇ ਇਕ ਸਾਲ ਵਿਚ ਅਫੀਮ ਭੁੱਕੀ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਖੇਤੀ ਕਾਫੀ ਹੱਦ ਤੱਕ ਘੱਟ ਗਈ ਹੈ। ਹਾਲਾਂਕਿ, ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਨੂੰ ਅਜੇ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਸ ਦੀ ਸਪਲਾਈ ਲੜੀ ਨੂੰ ਰੋਕਣ ਲਈ ਹੋਰ ਯਤਨ ਕਰਨ ਦੀ ਲੋੜ ਹੈ।

Related Articles

Stay Connected

0FansLike
3,868FollowersFollow
21,200SubscribersSubscribe
- Advertisement -spot_img

Latest Articles