ਤਾਈਪੇ, 14 ਜੂਨ (ਪੰਜਾਬ ਮੇਲ)- ਚੀਨ ਨੇ ਮੰਗਲਵਾਰ ਨੂੰ ਅਮਰੀਕਾ ਵੱਲੋਂ ਕੰਪਨੀਆਂ ‘ਤੇ ਲਗਾਈਆਂ ਗਈਆਂ ਨਵੀਂ ਪਾਬੰਦੀਆਂ ਦੀ ਆਲੋਚਨਾ ਕੀਤੀ, ਜਿਨ੍ਹਾਂ ਦੇ ਬਾਰੇ ਵਿਚ ਮੰਨਿਆ ਜਾਂਦਾ ਹੈ ਕਿ ਉਹ ਚੀਨ ਦੇ ਫ਼ੌਜੀ ਪਾਇਲਟਾਂ ਨੂੰ ਸਿਖਲਾਈ ਦੇ ਰਹੀਆਂ ਹਨ ਅਤੇ ਹਥਿਆਰ ਦੇ ਵਿਕਾਸ ਵਿਚ ਬੀਜਿੰਗ ਦੀ ਮਦਦ ਕਰ ਰਹੀਆਂ ਹਨ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਵਾਸ਼ਿੰਗਟਨ ਨੂੰ ਅਪੀਲ ਕੀਤੀ ਕਿ ਉਹ ਉਸ ਦੀਆਂ ਕੰਪਨੀਆਂ ਦੇ ਕੰਮਕਾਜ਼ ਨੂੰ ਰੋਕਣ ਲਈ ਨਿਰਯਾਤ ਨਿਯੰਤਰਣ ਕਦਮਾਂ ਦੀ ਦੁਰਵਰਤੋਂ ਬੰਦ ਕਰੇ।
ਵਾਂਗ ਨੇ ਬੀਜਿੰਗ ਵਿਚ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਅਮਰੀਕਾ ਵਾਰ-ਵਾਰ ਰਾਸ਼ਟਰੀ ਸੁਰੱਖਿਆ ਸਿਧਾਂਤ ਨੂੰ ਬਿਨਾਂ ਵਜ੍ਹਾ ਵਧਾ-ਚੜ੍ਹਾ ਕੇ ਦੱਸ ਰਿਹਾ ਹੈ ਅਤੇ ਰਾਜ ਦੀ ਸ਼ਕਤੀ ਦੀ ਦੁਰਵਰਤੋਂ ਚੀਨੀ ਕੰਪਨੀਆਂ ਦਾ ਦਮਨ ਕਰਨ ਲਈ ਕਰ ਰਿਹਾ ਹੈ। ਉਹ ਸਿਰਫ਼ ਅੰਤਰਰਾਸ਼ਟਰੀ ਆਰਥਿਕ ਵਿਵਸਥਾ ਅਤੇ ਵਪਾਰ ਨਿਯਮ ਨੂੰ ਭੰਗ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਅਨੈਤਿਕ ਪਾਗਲਪਣ ਦੇ ਪੱਧਰ ਤੱਕ ਪਹੁੰਚ ਗਿਆ ਹੈ।
ਵਾਂਗ ਨੇ ਕਿਹਾ ਕਿ ਚੀਨ ਮੰਗ ਕਰਦਾ ਹੈ ਕਿ ਅਮਰੀਕਾ ਤੁਰੰਤ ਮਨੁੱਖੀ ਅਧਿਕਾਰਾਂ ਜਾਂ ਫ਼ੌਜੀ ਆਧਾਰਿਤ ਮੁੱਦਿਆਂ ਦੇ ਨਾਮ ‘ਤੇ ਆਰਥਿਕ, ਵਪਾਰਕ ਅਤੇ ਵਿਗਿਆਨਕ ਮੁੱਦਿਆਂ ਦੇ ਰਾਜਨੀਤੀਕਰਨ, ਮਸ਼ੀਨੀਕਰਨ ਅਤੇ ਹਥਿਆਰ ਦੇ ਤੌਰ ‘ਤੇ ਇਸਤੇਮਾਲ ਕੀਤੇ ਗਲਤ ਰੁਝਾਨ ਨੂੰ ਠੀਕ ਕਰੇ। ਜ਼ਿਕਰਯੋਗ ਹੈ ਕਿ ਅਮਰੀਕੀ ਸਰਕਾਰ ਨੇ ਸੋਮਵਾਰ ਨੂੰ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਚਿੰਤਾ ਦਾ ਹਵਾਲਾ ਦਿੰਦੇ ਹੋਏ 43 ਅਦਾਰਿਆਂ ਨੂੰ ਨਿਰਯਾਤ ਨਿਯੰਤਰਣ ਸੂਚੀ ਵਿਚ ਪਾ ਦਿੱਤਾ ਸੀ। ਇਸ ਸੂਚੀ ‘ਚ ਚੀਨੀ ਅਤੇ ਵਿਦੇਸ਼ੀ ਕੰਪਨੀਆਂ ਦੋਵੇਂ ਸ਼ਾਮਲ ਹਨ।