#AMERICA

ਅਮਰੀਕਾ ਵਿਚ 6 ਸਾਲਾ ਬੱਚੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ

* ਅਧਿਕਾਰੀਆਂ ਨੇ ਜੌਹਨੀ ਜੌਹਨਸਨ ਦੇ ਦਿਮਾਗੀ ਤੌਰ ‘ਤੇ ਅਯੋਗ ਹੋਣ ਦੀ ਦਲੀਲ ਕੀਤੀ ਰੱਦ

ਸੈਕਰਾਮੈਂਟੋ,ਕੈਲੀਫੋਰਨੀਆ, 5 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਮਿਸੌਰੀ ਰਾਜ ਵਿਚ 2002 ਵਿਚ ਇਕ ਛੋਟੀ ਬੱਚੀ ਦੀ ਹੋਈ ਹੱਤਿਆ ਦੇ ਮਾਮਲੇ ਵਿਚ ਜੌਹਨੀ ਜੌਹਨਸਨ (45) ਨੂੰ ਸੁਣਾਈ ਮੌਤ ਦੀ ਸਜ਼ਾ ‘ਤੇ ਅਮਲ ਕਰਦਿਆਂ ਜ਼ਹਿਰ ਦਾ ਟੀਕਾ ਲਾ ਦਿੱਤਾ ਗਿਆ ਜਿਸ ਉਪਰੰਤ ਕੁਝ ਹੀ ਮਿੰਟਾਂ ਬਾਅਦ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਜੌਹਨਸਨ ਦੇ ਵਕੀਲਾਂ ਦੀ ਇਹ ਦਲੀਲ ਰੱਦ ਕਰ ਦਿੱਤੀ ਕਿ ਉਹ ਦਿਮਾਗੀ ਤੌਰ ‘ਤੇ ਅਸਮਰਥ ਹੈ ਤੇ ਮੌਤ ਦੀ ਸਜ਼ਾ ਉਪਰ ਅਮਲ ਦੇ ਯੋਗ ਨਹੀਂ ਹੈ। ਅਦਾਲਤ ਦੇ ਰਿਕਾਰਡ ਅਨੁਸਾਰ ਜੌਹਨਸਨ ਨੂੰ 6 ਸਾਲ ਦੀ ਬੱਚੀ ਕੈਸੀ ਵਿਲੀਅਮਸਨ ਨੂੰ ਅਗਵਾ ਕਰਨ ਤੇ ਜਬਰਜਨਾਹ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰਨ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ। ਰਿਪਬਲੀਕਨ ਪਾਰਟੀ ਦੇ ਗਵਰਨਰ ਮਾਈਕ ਪਰਸਨ ਨੇ ਅਪਰਾਧ ਨੂੰ ਘਿਣਾਉਣਾ ਕਰਾਰ ਦਿੰਦਿਆਂ ਉਸ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਸੀ। ਉਸ ਨੂੰ ਬੀਤੇ ਦਿਨ ਸ਼ਾਮ ਵੇਲੇ ਜ਼ਹਿਰ ਦਾ ਟੀਕਾ ਲਾਇਆ ਗਿਆ ਤੇ ਡਾਕਟਰਾਂ ਨੇ ਉਸ ਨੂੰ 6.33 ਮਿੰਟ ‘ਤੇ ਮ੍ਰਿਤਕ ਐਲਾਨ ਦਿੱਤਾ। ਉਹ ਚੌਥਾ ਦੋਸ਼ੀ ਹੈ ਜਿਸ ਨੂੰ ਮਿਸੌਰੀ ਵਿਚ ਇਸ ਸਾਲ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ ਗਈ ਹੈ। ਕੋਰੈਕਸ਼ਨਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਰੀ ਆਖਰੀ ਬਿਆਨ ਵਿਚ ਜੌਹਨਸਨ ਨੇ ਪੀੜਤ ਪਰਿਵਾਰ ਕੋਲੋਂ ਮੁਆਫੀ ਮੰਗਦਿਆਂ ਕਿਹਾ ਹੈ ਕਿ ਅਫਸੋਸ ਮੈ ਤੁਹਾਨੂੰ ਦੁੱਖ ਪਹੁੰਚਾਇਆ। ਜੌਹਨਸਨ ਦੀ ਫਾਂਸੀ ਉਪਰ ਬੱਚੀ ਦੇ ਪਰਿਵਾਰ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

Leave a comment