25.9 C
Sacramento
Wednesday, October 4, 2023
spot_img

ਅਮਰੀਕਾ ਵਿਚ 3 ਥਾਵਾਂ ‘ਤੇ ਗੋਲੀਬਾਰੀ ਨਾਲ 4 ਮੌਤਾਂ ਤੇ 31 ਤੋਂ ਵਧ ਜ਼ਖਮੀ

* ਇਲੀਨੋਇਸ ਵਿਚ ਜਸ਼ਨ ਮਨਾ ਰਹੇ ਲੋਕਾਂ ਉਪਰ ਫਾਇਰਿੰਗ, ਇਕ ਮੌਤ, 22 ਜ਼ਖਮੀ * ਵਾਸ਼ਿੰਗਟਨ ਵਿਚ ਗੋਲੀਬਾਰੀ ਨਾਲ 2 ਮੌਤਾਂ * ਮਿਸੌਰੀ ਵਿਚ ਪਾਰਟੀ ਦੌਰਾਨ ਗੋਲੀਬਾਰੀ, ਇਕ ਮੌਤ 9 ਜ਼ਖਮੀ
ਸੈਕਰਾਮੈਂਟੋ, 20 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਇਲੀਨੋਇਸ ਰਾਜ ,ਵਸ਼ਿੰਗਟਨ ਤੇ ਮਿਸੌਰੀ ਰਾਜ ਵਿਚ ਗੋਲੀਬਾਰੀ ਦੀਆਂ ਵਾਪਰੀਆਂ ਵੱਖ ਵੱਖ 3 ਘਟਨਾਵਾਂ ਵਿਚ 4 ਲੋਕਾਂ ਦੇ ਮਾਰੇ ਜਾਣ ਤੇ 31 ਤੋਂ ਵਧ ਲੋਕਾਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਹਨ।
ਇਲੀਨੋਇਸ ਵਿਚ ਗੋਲੀਬਾਰੀ-
ਅਮਰੀਕਾ ਦੇ ਇਲੀਨੋਇਸ ਰਾਜ ਵਿਚ ਛੁੱਟੀ ਦੌਰਾਨ ਜਸ਼ਨ ਮਨਾ ਰਹੇ ਲੋਕਾਂ ਉਪਰ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ ਅੰਧਾਧੁੰਦ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋਣ ਤੇ ਘੱਟੋ ਘੱਟ 22 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਡੂਪੇਜ ਕਾਊਂਟੀ ਸ਼ੈਰਿਫ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ ਲੋਕਾਂ ਦਾ ਵੱਡਾ ਇਕੱਠ ਜਸ਼ਨ ਮਨਾ ਰਿਹਾ ਸੀ ਜਦੋਂ ਕੁਝ ਸ਼ੱਕੀ ਹਮਲਾਵਰਾਂ ਨੇ ਕਈ ਕਿਸਮ ਦੇ ਹਥਿਆਰਾਂ ਨਾਲ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੀ ਇਹ ਘਟਨਾ ਸ਼ਿਕਾਗੋ ਤੋਂ ਤਕਰੀਬਨ 21 ਮੀਲ ਦੂਰ ਵਿਲੋਬਰੁੱਕ ਵਿਚ ਅੱਧੀ ਰਾਤ ਬਾਅਦ 12.30 ਵਜੇ ਸਵੇਰੇ ਵਾਪਰੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਗੋਲੀਬਾਰੀ ਦੌਰਾਨ ਲੋਕਾਂ ਨੇ ਆਪਣੇ ਬਚਾ ਲਈ ਇਧਰ- ਉਧਰ ਭੱਜਣਾ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਅਨੇਕਾਂ ਲੋਕਾਂ ਦੇ ਸੱਟਾਂ ਵੀ ਵੱਜੀਆਂ ਹਨ। ਜ਼ਖਮੀਆਂ ਨੂੰ ਖੇਤਰ ਵਿਚਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਅਜੇ ਤੱਕ ਇਸ ਮਾਮਲੇ ਵਿਚ ਕਿਸੇ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਨਹੀਂ ਲਿਆ ਹੈ। ਸ਼ੈਰਿਫ ਦਫਤਰ ਨੇ ਕਿਹਾ ਹੈ ਕਿ ਸ਼ਾਮ 6 ਵਜੇ ਜਸ਼ਨ ਮਣਾਉਣ ਲਈ ਲੋਕਾਂ ਦਾ ਇਕ ਵੱਡਾ ਸਮੂੰਹ ਵਿਲੋਬਰੁੱਕ ਦੇ ਇਕ ਪਾਰਕਿੰਗ ਸਥਾਨ ‘ਤੇ ਇਕੱਠਾ ਹੋਇਆ ਸੀ। ਮੌਕੇ ਉਪਰ ਨਿਗਰਾਨੀ ਰੱਖਣ ਲਈ ਪੁਲਿਸ ਵੀ ਤਾਇਨਾਤ ਸੀ। ਡੂਪੇਜ ਕਾਊਂਟੀ ਦੇ ਡਿਪਟੀ ਸ਼ੈਰਿਫ ਐਰਿਕ ਸਵੈਨਸਨ ਨੇ ਪੱਤਕਾਰਾਂ ਨੂੰ ਦੱਸਿਆ ਕਿ ਕੁਝ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ ਜਦ ਕਿ ਕੁਝ ਖੁਦ ਹੀ ਹਸਪਤਾਲ ਪੁੱਜ ਗਏ ਸਨ। ਜ਼ਖਮੀਆਂ ਵਿਚੋਂ 2 ਦੀ ਹਾਲਤ ਨਾਜ਼ਕ ਦੱਸੀ ਜਾਂਦੀ ਹੈ। ਉਨਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਵਸ਼ਿੰਗਟਨ ਵਿਚ ਗੋਲੀਬਾਰੀ-
ਅਮਰੀਕਾ ਦੇ ਵਸ਼ਿੰਗਟਨ ਰਾਜ ਵਿਚ ਜਾਰਜ ਐਂਫੀਥੀਏਟਰ ਨੇੜੇ ਇਕ ਇਲੈਕਟ੍ਰਾਨਿਕ ਡਾਂਸ ਮਿਊਜ਼ਕ ਫੈਸਟੀਵੈਲ ਦੌਰਾਨ ਹੋਈ ਗੋਲੀਬਾਰੀ ਨਾਲ 2 ਵਿਅਕਤੀਆਂ ਦੇ ਮਾਰੇ ਜਾਣ ਤੇ ਅਨੇਕਾਂ ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਪ੍ਰਗਟਾਵਾ ਗਰਾਂਟ ਕਾਊਂਟੀ ਸ਼ੈਰਿਫ ਦਫਤਰ ਨੇ ਕੀਤਾ ਹੈ। ਦਫਤਰ ਅਨੁਸਾਰ ਜ਼ਖਮੀਆਂ ਵਿਚ ਸ਼ੱਕੀ ਦੋਸ਼ੀ ਵੀ ਸ਼ਾਮਿਲ ਹੈ ਜਿਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਸ ਤੋਂ ਇਲਾਵਾ 2 ਹੋਰ ਵਿਅਕਤੀਆਂ ਦੇ ਗੋਲੀਆਂ ਵੱਜੀਆਂ ਹਨ। ਸ਼ੈਰਿਫ ਦਫਤਰ ਦੇ ਬੁਲਾਰੇ ਕੀਲੇ ਫੋਰਮੈਨ ਅਨੁਸਾਰ ਸ਼ੱਕੀ ਵਿਅਕਤੀ ਗੋਲੀਆਂ ਚਲਾਉਣ ਉਪਰੰਤ ਫਰਾਰ ਹੋ ਗਿਆ ਸੀ ਪਰੰਤੂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸੇਂਟ ਲੂਇਸ ਸ਼ਹਿਰ ਵਿਚ ਗੋਲੀਬਾਰੀ –
ਅਮਰੀਕਾ ਦੇ ਮਿਸੌਰੀ ਰਾਜ ਦੇ ਸੇਂਟ ਲੂਇਸ ਸ਼ਹਿਰ ਵਿਚ ਰਾਤ ਸਮੇ ਹੋਈ ਗੋਲਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋਣ ਤੇ 9 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੇਅਰ ਟਿਸ਼ੌਰਾ ਜੋਨਸ ਅਨੁਸਾਰ ਡਾਊਨ ਟਾਊਨ ਸੇਂਟ ਲੂਇਸ ਵਿਚ ਗੋਲੀਬਾਰੀ ਰਾਤ 1 ਵਜੇ ਬਾਅਦ ਇਕ ਇਮਾਰਤ ਵਿਚ ਹੋਈ ਜਿਥੇ ਪਾਰਟੀ ਚੱਲ ਰਹੀ ਸੀ। ਪੱਤਰਕਾਰਾਂ ਨੂੰ ਪੁਲਿਸ ਮੁੱਖੀ ਰਾਬਰਟ ਟਰੇਸੀ ਨੇ ਦੱਸਿਆ ਕਿ ਇਕ 17 ਸਾਲਾਂ ਦੇ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਗੋਲੀਬਾਰੀ ਦੌਰਾਨ ਮਾਰੇ ਗਏ ਨਬਾਲਗ ਦੀ ਉਮਰ ਵੀ 17 ਸਾਲ ਹੈ। ਉਨਾਂ ਕਿਹਾ ਕਿ ਇਹ ਬਹੁਤ ਦੁੱਖਦਾਈ ਹੈ ਕਿ ਪਿਤਾ ਦਿਵਸ ਮੌਕੇ ਸਮੁੱਚੇ ਸੇਂਟ ਲੂਇਸ ਖੇਤਰ ਦੇ ਵਾਸੀਆਂ ਨੂੰ ਉੱਠਣ ਸਾਰ ਗੋਲੀਬਾਰੀ ਦੀ ਇਕ ਹੋਰ ਘਟਨਾ ਦੀ ਖਬਰ ਮਿਲੀ ਹੈ। ਉਨਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

 

 

 

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles