ਸੈਕਰਾਮੈਂਟੋ, 27 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੇਣਦਾਰੀਆਂ ਵਿਚ ਫਸੀ ਅਮਰੀਕੀ ਸਰਕਾਰ ਲਈ ਇਹ ਸੁਖਾਵੀਂ ਰਿਪੋਰਟ ਹੈ ਕਿ ਕਰਜ਼ਾ ਹੱਦ ਵਧਾਉਣ ਬਾਰੇ ਛੇਤੀ ਸਹਿਮਤੀ ਬਣ ਸਕਦੀ ਹੈ। ਸੱਤਾਧਾਰੀ ਡੈਮੋਕਰੈਟਿਕ ਤੇ ਵਿਰੋਧੀ ਰਿਪਬਲੀਕਨਾਂ ਵਿਚਾਲੇ 1 ਜੂਨ ਤੋਂ ਪਹਿਲਾਂ ਕਰਜ਼ਾ ਹੱਦ ਵਧਾਉਣ ਲਈ ਸਹਿਮਤੀ ਬਣਨ ਦੀ ਸੰਭਾਵਨਾ ਵਧ ਗਈ ਹੈ। ਡੈਮੋਕਰੈਟਿਕ ਸੂਤਰਾਂ ਅਨੁਸਾਰ ਵਾਈਟ ਹਾਊਸ ਤੇ ਰਿਪਬਲੀਕਨ ਗੱਲਕਾਰ ਸਮਝੌਤੇ ਨੇੜੇ ਪੁੱਜ ਗਏ ਹਨ। ਸੂਤਰਾਂ ਅਨੁਸਾਰ ਬੀਤੀ ਸ਼ਾਮ ਦੋਨਾਂ ਧਿਰਾਂ ਵਿਚਾਲੇ ਗੱਲਬਾਤ ਦੌਰਾਨ ਸਲਾਨਾ ਖਰਚਾ ਹੱਦ ਵਧਾਉਣ ਬਾਰੇ ਪ੍ਰਗਤੀ ਹੋਈ ਹੈ। ਰਿਪਬਲੀਕਨ ਅਖਤਿਆਰੀ ਫੰਡ ਬਾਰੇ ਸਲਾਨਾ ਹੱਦ 6 ਸਾਲ ਲਈ ਵਧਾਉਣਾ ਚਹੁੰਦੇ ਹਨ ਜਦ ਕਿ ਵਾਈਟ ਹਾਊਸ ਕੇਵਲ 2 ਸਾਲ ਲਈ ਹੱਦ ਵਧਾਉਣ ਦੇ ਹੱਕ ਵਿਚ ਹੈ। ਇਕ ਰਿਪੋਰਟ ਅਨੁਸਾਰ ਸਦਨ ਦੇ ਸਪੀਕਰ ਕੈਵਿਨ ਮੈਕਰਥੀ ਚਹੁੰਦੇ ਹਨ ਕਿ ਪਿਛਲੇ ਸਾਲ ਨਾਲੋਂ ਅਗਲੇ ਵਿੱਤੀ ਸਾਲ ਵਿੱਚ ਖਰਚਾ ਘੱਟ ਹੋਵੇ। ਵਾਈਟ ਹਾਊਸ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਕੋਈ ਵੀ ਸੰਭਾਵੀ ਸਮਝੌਤਾ ਹੋਣ ਨਾਲ ਕਰਜ਼ਾ ਹੱਦ ਵਧ ਜਾਵੇਗੀ ਜੋ ਇਹ ਤੈਅ ਕਰੇਗੀ ਕਿ 2024 ਦੇ ਅੰਤ ਤੱਕ ਅਮਰੀਕੀ ਸਰਕਾਰ ਕਿੰਨਾ ਉਧਾਰ ਲੈ ਸਕੇਗੀ। ਇਸ ਦੌਰਾਨ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਗੱਲਬਾਤ ਵਿੱਚ ਪ੍ਰਗਤੀ ਹੋਈ ਹੈ, ਮੈ ਸਪੱਸ਼ਟ ਕਰਨਾ ਚਹੁੰਦਾ ਹਾਂ ਕਿ ਸਾਡੇ ਕੌਮੀ ਕਰਜ਼ੇ ਸਬੰਧੀ ਸਥਿੱਤੀ ਨੂੰ ਖਰਾਬ ਕਰਨਾ ਕੋਈ ਵੀ ਢੰਗ ਤਰੀਕਾ ਨਹੀਂ ਹੋ ਸਕਦਾ।