#AMERICA

ਅਮਰੀਕਾ ਵਿਚ ਸੜਕ ਹਾਦਸੇ ਵਿੱਚ ਹੋਈਆਂ ਦੋ ਮੌਤਾਂ ਦੇ ਮਾਮਲੇ ਵਿਚ 19 ਸਾਲਾ ਕੁੜੀ ਨੂੰ ਹੋਈ 15 ਸਾਲ ਦੀ ਜੇਲ

ਸੈਕਰਾਮੈਂਟੋ, 24 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹੀਓ ਰਾਜ ਦੇ ਕਲੈਵਲੈਂਡ ਸ਼ਹਿਰ ਵਿਚ 31 ਜੁਲਾਈ 2022 ਨੂੰ ਹੋਏ ਸੜਕ ਹਾਦਸੇ ਜਿਸ ਵਿਚ 2 ਲੋਕ ਮਾਰੇ ਗਏ ਸਨ, ਦੇ ਮਾਮਲੇ ਵਿਚ ਇਕ ਅਦਾਲਤ ਨੇ ਇਕ 19 ਸਾਲਾ ਕੁੜੀ ਨੂੰ 15 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਪਿਛਲੇ ਹਫਤੇ ਬੈਂਚ ਅੱਗੇ ਸੁਣਵਾਈ ਤੋਂ ਬਾਅਦ ਕੂਯਾਹੋਗਾ ਕਾਊਂਟੀ ਜੱਜ ਨੇ 19 ਸਾਲਾ ਮੈਕਨਜੀ ਸ਼ਿਰਿਲਾ ਨੂੰ ਦੋ ਹੱਤਿਆਵਾਂ ਸਮੇਤ ਹੋਰ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਸੀ। ਸ਼ਿਰਿਲਾ ਨੂੰ ਜਾਣਬੁਝਕੇ 100 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਾਰ ਇਕ ਇਮਾਰਤ ਵਿਚ ਮਾਰਨ ਲਈ ਦੋਸ਼ੀ ਕਰਾਰ ਦਿੱਤਾ ਗਿਆ ਜਿਸ ਹਾਦਸੇ ਵਿਚ ਸ਼ਿਰਿਲਾ ਦਾ ਦੋਸਤ ਲੜਕਾ ਡੋਮਿਨਿਕ ਰੂਸੋ (20) ਤੇ ਉਸ ਦਾ ਦੋਸਤ ਡੇਵੀਅਨ ਫਲਾਨੰਗਨ (19) ਮਾਰੇ ਗਏ ਸਨ। ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸ਼ਿਰਿਲਾ ਘੱਟੋ ਘੱਟ 15 ਸਾਲ ਜੇਲ ਵਿਚ ਰਹਿਣ ਉਪਰੰਤ ਹੀ ਪੈਰੋਲ ਲਈ ਦਰਖਾਸਤ ਦੇ ਸਕੇਗੀ। ਇਸੇ ਦੌਰਾਨ ਡੋਮਿਨਿਕ ਰੂਸੋ ਦੀ 34 ਸਾਲਾ ਭੈਣ ਕ੍ਰਿਸਟਾਈਨ ਰੂਸੋ ਵਾਸੀ ਕਲੈਵਲੈਂਡ ਨੇ ਇਤਰਾਜ ਪ੍ਰਗਟਾਇਆ ਹੈ ਕਿ ਸ਼ਿਰਿਲਾ ਨੂੰ ਸਜ਼ਾ ਘੱਟ ਦਿੱਤੀ ਗਈ ਹੈ। ਉਸ ਨੇ ਕਿਹਾ ਹੈ ਕਿ ਸ਼ਿਰਿਲਾ ਨੇ ਦੋ ਨਿਰਦੋਸ਼ ਵਿਅਕਤੀਆਂ ਦੀਆਂ ਜਾਨਾਂ ਲਈਆਂ ਹਨ ਉਹ ਉਮਰ ਭਰ ਲਈ ਜੇਲ ਵਿਚ ਹੀ ਰਹਿਣੀ ਚਾਹੀਦੀ ਸੀ।

 

Leave a comment