#AMERICA

ਅਮਰੀਕਾ ਵਿਚ ਬੀਮੇ ਦੀ ਰਕਮ ਲੈਣ ਲਈ ਮਾਂ ਦੀ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੁੱਤਰ ਦੀ ਪੁਲਿਸ ਹਿਰਾਸਤ ਵਿਚ ਮੌਤ

ਸੈਕਰਾਮੈਂਟੋ, ਕੈਲੀਫੋਰਨੀਆ, 17 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਾਥਨ ਕਾਰਮੈਨ ਨਾਮੀ ਵਿਅਕਤੀ ਜਿਸ ਉਪਰ ਬੀਮੇ ਦੀ ਰਕਮ ਲੈਣ ਲਈ 2016 ਵਿਚ ਮੱਛੀਆਂ ਫੜਨ ਦੇ ਇਕ ਟੂਰ ਦੌਰਾਨ ਆਪਣੀ ਮਾਂ ਦੀ ਸਮੁੰਦਰ ਵਿਚ ਹੱਤਿਆ ਕਰਨ ਦੇ ਦੋਸ਼ ਆਇਦ ਕੀਤੇ ਗਏ ਸਨ, ਦੀ ਸੰਘੀ ਪੁਲਿਸ ਦੀ ਹਿਰਾਸਤ ਵਿਚ ਮੌਤ ਹੋਣ ਦੀ ਖਬਰ ਹੈ। ਇਹ ਖੁਲਾਸਾ ਸੰਘੀ ਇਸਤਗਾਸਾ ਵਕੀਲਾਂ ਵੱਲੋਂ ਅਦਾਲਤ ਵਿਚ ਦਾਇਰ ਦਰਖਾਸਤ ਤੋਂ ਹੋਇਆ ਹੈ। ਦਰਖਾਸਤ ਵਿਚ ਕਿਹਾ ਗਿਆ ਹੈ ਕਿ ਯੂ ਐਸ ਮਾਰਸ਼ਲ ਤੋਂ ਜਾਣਕਾਰੀ ਮਿਲੀ ਹੈ ਕਿ ਕਾਰਮੈਨ ਦੀ 15 ਜੂਨ 2023 ਨੂੰ ਮੌਤ ਹੋ ਗਈ ਹੈ, ਇਸ ਲਈ ਉਸ ਵਿਰੁੱਧ ਦਾਇਰ ਦੋਸ਼ ਖਾਰਜ ਕੀਤੇ ਜਾਣ। ਮੌਤ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਵਰਮੌਂਟ ਯੂ ਐਸ ਅਟਾਰਨੀ ਦੇ ਦਫਤਰ ਦੇ ਇਕ ਬੁਲਾਰੇ ਨੇ ਅਦਾਲਤ ਵਿਚ ਦਾਇਰ ਦਰਖਾਸਤ ਤੋਂ ਬਿਨਾਂ ਹੋਰ ਕੋਈ ਟਿਪਣੀ ਕਰਨ ਤੋਂ ਨਾਂਹ ਕਰ ਦਿੱਤੀ। ਇਥੇ ਜਿਕਰਯੋਗ ਹੈ ਕਿ ਨਾਥਨ ਕਾਰਮੈਨ ਨੂੰ 2016 ਵਿਚ ਮੱਛੀਆਂ ਫੜਨ ਦੇ ਟੂਰ ‘ਤੇ ਜਾਣ ਤੋਂ ਇਕ ਹਫਤੇ ਬਾਅਦ ਇਕ ਕਿਸ਼ਤੀ ਵਿਚ ਲੱਭ ਲਿਆ ਗਿਆ ਸੀ ਜਦ ਕਿ ਉਸ ਦੀ ਮਾਂ ਲਿੰਡਾ ਕਾਰਮੈਨ ਦੀ ਅਜ ਤੱਕ ਲਾਸ਼ ਨਹੀਂ ਮਿਲੀ। ਅਦਾਲਤੀ ਰਿਕਾਰਡ ਅਨੁਸਾਰ ਨਾਥਨ ਵਿਰੁੱਧ ਸੁਣਵਾਈ ਅਕਤੂਬਰ ਵਿਚ ਸ਼ੁਰੂ ਹੋਣੀ ਸੀ। ਉਸ ਨੂੰ ਮਈ 2022 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵਿਰੁੱਧ ਦਾਇਰ ਦੋਸ਼ਾਂ ਵਿਚ ਕਿਹਾ ਗਿਆ ਹੈ ਕਿ ਉਸ ਨੇ ਆਪਣੇ ਦਾਦਾ ਜੌਹਨ ਚਕਾਲੋਸ ਦੀ ਵੀ 2013 ਵਿਚ ਉਸ ਦੇ ਕੋਨੈਕਟੀਕਟ ਵਿਚਲੇ ਘਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਯੂ ਐਸ ਅਟਾਰਨੀ ਦਫਤਰ ਵਰਮੌਂਟ ਡਿਸਟ੍ਰਿਕਟ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਕਾਰਮੈਨ ਦੇ ਸਾਰੇ ਕਥਿੱਤ ਅਪਰਾਧ ਪੈਸਾ ਤੇ ਜਾਇਦਾਦ ਹੜਪਣ ਲਈ ਉਸ ਦੀ ਸਕੀਮ ਦਾ ਹਿੱਸਾ ਸਨ।

Leave a comment