#AMERICA

ਅਮਰੀਕਾ ਵਿਚ ਪ੍ਰਵਾਸੀਆਂ ਦੀ ਆਬਾਦੀ ਵਧ ਕੇ 4.6 ਕਰੋੜ ਹੋਈ

ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿਚ ਪ੍ਰਵਾਸੀਆਂ ਦੀ ਆਬਾਦੀ ਵਧ ਕੇ 4 ਕਰੋੜ 60 ਲੱਖ ਹੋ ਗਈ ਹੈ ਅਤੇ ਪਿਛਲੇ ਸਾਲ ਤਕਰੀਬਨ 10 ਲੱਖ ਨਵੇਂ ਪ੍ਰਵਾਸੀ ਮੁਲਕ ਵਿਚ ਦਾਖਲ ਹੋਏ ਜਿਨ੍ਹਾਂ ਵਿਚ ਹਜ਼ਾਰਾਂ ਪੰਜਾਬੀ ਸ਼ਾਮਲ ਸਨ।
ਅਮਰੀਕਾ ਦੇ ਰਕਬੇ ਦੇ ਹਿਸਾਬ ਨਾਲ 10 ਲੱਖ ਦਾ ਵਾਧਾ ਕੋਈ ਜ਼ਿਆਦਾ ਨਹੀਂ ਪਰ ਟਰੰਪ ਦੀ ਵਿਦਾਇਗੀ ਮਗਰੋਂ ਪ੍ਰਵਾਸੀਆਂ ਦੀ ਆਮਦ ਵਿਚ ਭਾਰੀ ਵਾਧਾ ਹੋ ਰਿਹਾ ਹੈ। ਵਿਦੇਸ਼ਾਂ ਵਿਚ ਜੰਮੇ ਅਤੇ ਹੁਣ ਅਮਰੀਕਾ ਵਿਚ ਰਹਿ ਰਹੇ ਲੋਕਾਂ ਦੀ ਗਿਣਤੀ 2017 ਮਗਰੋਂ ਤੇਜ਼ੀ ਨਾਲ ਨਹੀਂ ਸੀ ਵਧ ਰਹੀ ਪਰ ਪਿਛਲੇ ਸਾਲ ਇਸ ਅੰਕੜੇ ਵਿਚ 14 ਫ਼ੀ ਸਦੀ ਦਾ ਭਾਰੀ ਵਾਧਾ ਦਰਜ ਕੀਤਾ ਗਿਆ।
ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਗਿਣਤੀ ਵਧਣ ਦੇ ਮੁੱਖ ਕਾਰਨ ਵੀਜ਼ਾ ਪ੍ਰੋਸੈਸਿੰਗ ਵਿਚ ਤੇਜ਼ੀ ਅਤੇ ਰਫਿਊਜੀਆਂ ਦੀ ਆਮਦ ਰਹੇ ਕਿਉਂਕਿ ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਨੇ ਸਭ ਕੁਝ ਠੱਪ ਕਰ ਦਿਤਾ ਸੀ। ਉਧਰ ਵਾਸ਼ਿੰਗਟਨ ਡੀ.ਸੀ. ਦੇ ਬਰੂਕਿੰਗਜ਼ ਇੰਸਟੀਚਿਊਸ਼ਨ ਦੇ ਵਿਲੀਅਮ ਫਰੇਅ ਦਾ ਕਹਿਣਾ ਸੀ ਕਿ 2022 ਵਿਚ ਅਮਰੀਕਾ ਪੁੱਜੇ ਪ੍ਰਵਾਸੀਆਂ ਦੀ ਗਿਣਤੀ ਇਸ ਤੋਂ ਪਿਛਲੇ ਚਾਰ ਸਾਲ ਦੇ ਸਾਂਝੇ ਅੰਕੜੇ ਨੂੰ ਮਾਤ ਪਾਉਂਦੀ ਹੈ।
ਪਿਊ ਰਿਸਰਚ ਸੈਂਟਰ ਦੇ ਜੈਫਰੀ ਪੈਸਲ ਨੇ ਕਿਹਾ ਕਿ ਇੰਮੀਗ੍ਰੇਸ਼ਨ ਸਿਸਟਮ ਪਹਿਲਾਂ ਨਾਲ ਬਿਹਤਰ ਕੰਮ ਕਰ ਰਿਹਾ ਹੈ ਅਤੇ ਦੁਨੀਆਂ ਦੇ ਕੋਨੇ ਕੋਨੇ ਤੋਂ ਲੋਕ ਅਮਰੀਕਾ ਪੁੱਜ ਰਹੇ ਹਨ। ਅਮਰੀਕਾ ਵਿਚ ਮੌਜੂਦ ਪ੍ਰਵਾਸੀਆਂ ਵਿਚ ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਸੰਭਾਵਤ ਤੌਰ ’ਤੇ ਨਾਜਾਇਜ਼ ਤਰੀਕੇ ਨਾਲ ਦਾਖਲ ਹੋਏ। ਨਵੇਂ ਪ੍ਰਵਾਸੀਆਂ ਵਿਚੋਂ ਜ਼ਿਆਦਾਤਰ ਕੋਲ ਕਾਲਜ ਡਿਗਰੀ ਮੌਜੂਦ ਸੀ ਜਿਸ ਦੇ ਮੱਦੇਨਜ਼ਰ ਫੈਡਰਲ ਜਾਂ ਸੂਬਾ ਸਰਕਾਰਾਂ ਨੂੰ ਇਨ੍ਹਾਂ ਦੇ ਹੁਨਰ ਵਿਕਾਸ ’ਤੇ ਜ਼ਿਆਦਾ ਜ਼ੋਰ ਨਹੀਂ ਦੇਣਾ ਪਵੇਗਾ।

Leave a comment