ਸੈਕਰਾਮੈਂਟੋ, 3 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸੰਘੀ ਪੁਲਿਸ ਵੱਲੋਂ ਅਮਰੀਕਾ ਦੇ ਪੈਨਸਿਲਵਾਨੀਆ ਰਾਜ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ ਜੋ ਲੀਹਾਈ ਵੈਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਫਲੋਰਿਡਾ ਜਾ ਰਹੇ ਜਹਾਜ਼ ਵਿਚ ਕਥਿੱਤ ਤੌਰ ‘ਤੇ ਧਮਾਕਾਖੇਜ਼ ਸਮਗਰੀ ਲਿਜਾਣ ਦੇ ਯਤਨ ਵਿਚ ਸੀ। ਪ੍ਰਾਪਤ ਵੇਰਵੇ ਅਨੁਸਾਰ ਮਾਰਕ ਮਫਲੇ (40) ਨਾਮੀ ਵਿਅਕਤੀ ਦੇ ਸੂਟਕੇਸ ਵਿਚ ਧਮਕਾਖੇਜ਼ ਸਮਗਰੀ ਪਾਈ ਗਈ ਜਿਸ ਉਪਰੰਤ ਖਤਰੇ ਦਾ ਅਲਾਰਮ ਵਜਾਇਆ ਗਿਆ। ਸੁਰੱਖਿਆ ਅਮਲੇ ਨੇ ਮਾਰਕ ਮਫਲੇ ਨੂੰ ਹਵਾਈ ਅੱਡੇ ਦੀ ਸਕਿਉਰਿਟੀ ਡੈਸਕ ‘ਤੇ ਆਉਣ ਲਈ ਕਿਹਾ ਪਰੰਤੂ ਉਹ ਨਹੀਂ ਆਇਆ। ਸੀ ਸੀ ਟੀ ਵੀ ਕੈਮਰਿਆਂ ਵਿਚ ਉਸ ਨੂੰ ਹਵਾਈ ਅੱਡੇ ਤੋਂ ਬਾਹਰ ਜਾਂਦਿਆਂ ਵੇਖਿਆ ਗਿਆ। ਬਾਅਦ ਵਿਚ ਉਸ ਨੂੰ ਐਫ ਬੀ ਆਈ ਨੇ ਲਾਂਸਫੋਰਡ ( ਪੈਨਸਿਲਵਾਨੀਆ) ਵਿਚਲੀ ਰਿਹਾਇਸ਼ ਤੋਂ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਗ੍ਰਿਫ਼ਤਾਰ ਕਰ ਲਿਆ। ਐਫ ਬੀ ਆਈ ਦੇ ਇਕ ਬੁਲਾਰੇ ਅਨੁਸਾਰ ਉਸ ਨੂੰ ਛੇਤੀ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।