#AMERICA

ਅਮਰੀਕਾ ਵਿਚ ਇਕ ਰੇਲ ਗੱਡੀ ਪੱਟੜੀ ਤੋਂ ਉਤਰੀ, ਕਈ ਯਾਤਰੀ ਹੋਏ ਜ਼ਖਮੀ

ਸੈਕਰਾਮੈਂਟੋ,ਕੈਲੀਫੋਰਨੀਆ, 5 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊ ਯਾਰਕ ਸ਼ਹਿਰ ਦੇ ਕੂਈਨਜ ਵਿਚ ਇਕ ਯਾਤਰੀ ਰੇਲ ਗੱਡੀ ਦੇ ਪੱਟੜੀ ਤੋਂ ਲਹਿ ਜਾਣ ਦੇ ਸਿੱਟੇ ਵਜੋਂ ਅਨੇਕਾਂ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਿਟੀ ਦੇ ਬੁਲਾਰੇ ਨੇ ਕਿਹਾ ਹੈ ਕਿ ਰੇਲ ਗੱਡੀ ਵਿਚ 100 ਦੇ ਕਰੀਬ ਯਾਤਰੀ ਸਵਾਰ ਸਨ ਜੋ ਰੇਲ ਗੱਡੀ ਸਥਾਨਕ ਸਮੇ ਅਨੁਸਾਰ ਸਵੇਰੇ 11 ਵਜੇ ਤੋਂ ਥੋਹੜੀ ਦੇਰ ਬਾਅਦ ਕੂਈਨਜ ਵਿਚ ਜਮਾਈਕਾ ਸਟੇਸ਼ਨ ਦੇ ਪੂਰਬ ਵਿਚ ਪੱਟੜੀ ਤੋਂ ਲਹਿ ਗਈ। ਰੇਲ ਗੱਡੀ ਗਰੈਂਡ ਸੈਂਟਰਲ ਟਰਮੀਨਲ ਮੈਨਹਟਨ ਤੋਂ ਚੱਲੀ ਸੀ ਤੇ ਉਸ ਨੇ ਲਾਂਗ ਆਈਲੈਂਡ ਵਿਚ ਹੈਂਪਸਟੈਡ ਵਿਚ ਜਾਣਾ ਸੀ। ਅੱਗ ਬੁਝਾਊ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਘੱਟੋ ਘੱਟ 13 ਯਾਤਰੀ ਜ਼ਖਮੀ ਹੋਏ ਹਨ ਤੇ ਹੋਰ ਜ਼ਖਮੀਆਂ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਹਾਦਸੇ ਉਪਰੰਤ ਯਾਤਰੀਆਂ ਨੂੰ ਤੁਰੰਤ ਇਕ ਰਾਹਤ ਗੱਡੀ ਰਾਹੀਂ ਜਮਾਈਕਾ ਲਿਜਾਇਆ ਗਿਆ ਜਿਥੇ ਉਨਾਂ ਦੀ ਦੇਖਭਾਲ ਕੀਤੀ ਗਈ। ਫਾਇਰ ਕਮਿਸ਼ਨਰ ਲੌਰਾ ਕਾਵਾਨਾਘ ਨੇ ਕਿਹਾ ਹੈ ਕਿ ਕੁਲ13 ਜ਼ਖਮੀਆਂ ਵਿਚੋਂ 9 ਮਾਮੂਲੀ ਜ਼ਖਮੀ ਹਨ ਜਦ ਕਿ 2 ਦਰਮਿਆਨੇ ਤੇ 2 ਵਧੇਰੇ ਗੰਭੀਰ ਹਨ ਪਰੰਤੂ ਇਨਾਂ ਸਾਰਿਆਂ ਦੀ ਹਾਲਤ ਸਥਿੱਰ ਹੈ।

Leave a comment