#AMERICA

ਅਮਰੀਕਾ ਵਿਚ ਇਕੱਤਰ ਹੋਏ ਸੈਂਕੜੇ ਲੋਕਾਂ ਉਪਰ ਗੋਲੀਬਾਰੀ ਵਿੱਚ ਦੋ ਬੱਚਿਆਂ ਸਮੇਤ 4 ਜ਼ਖਮੀ

ਸੈਕਰਾਮੈਂਟੋ, ਕੈਲੀਫੋਰਨੀਆ, 14 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਨਿਊਯਾਰਕ ਦੇ ਬਰੋਨਕਸ ਪਾਰਕ ਦੇ ਬਾਹਰਵਾਰ ਇਕੱਤਰ ਹੋਏ ਲੋਕਾਂ ਉਪਰ ਗੋਲੀਆਂ ਚਲਾਏ ਜਾਣ ਦੇ ਸਿੱਟੇ ਵਜੋਂ 3 ਤੇ 6 ਸਾਲ ਦੇ ਦੋ ਬੱਚਿਆਂ, ਜੋ ਆਪਸ ਵਿਚ ਭਰਾ ਸਨ, ਸਮੇਤ ਕੁਲ 4 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਜਾਣਕਾਰੀ ਜਾਰੀ ਇਕ ਬਿਆਨ ਵਿਚ ਨਿਊਯਾਰਕ ਪੁਲਿਸ ਵਿਭਾਗ ਨੇ ਦਿੱਤੀ ਹੈ। ਨਿਊ ਯਾਰਕ ਦੇ ਪੁਲਿਸ ਮੁੱਖੀ ਪੈਟਰੋਲ ਜੌਹਨ ਚੈਲ ਨੇ ਕਿਹਾ ਹੈ ਕਿ ਸੇਂਟ ਜੇਮਜ ਪਾਰਕ ਦੇ ਬਾਹਰਵਾਰ ਸੈਂਕੜੇ ਲੋਕਾਂ ਦਾ ਇਕੱਠ ਸੀ ਜਦੋਂ ਸ਼ਾਮ 6 ਵਜੇ ਦੇ ਆਸਪਾਸ ਦੋ ਵਿਅਕਤੀ ਜਿਨਾਂ ਨੇ ਕਾਲੇ ਕਪੜੇ ਤੇ ਮਾਸਕ ਪਾਏ ਹੋਏ ਸਨ, ਇਕ ਗੈਰਕਾਨੂੰਨੀ ਸਕੂਟਰ ਉਪਰ ਆਏ। ਉਨਾਂ ਵਿਚੋਂ ਇਕ ਨੇ ਸਕੂਟਰ ਤੋਂ ਉਤਰ ਕੇ ਭੀੜ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨਾਂ ਕਿਹਾ ਕਿ ਦੋ ਬੱਚਿਆਂ ਦੇ ਲੱਤਾਂ ਵਿਚ ਗੋਲੀਆਂ ਵੱਜੀਆਂ ਹਨ ਜਦ ਕਿ ਇਕ 23 ਸਾਲਾ ਵਿਅਕਤੀ ਦੇ ਕਈ ਗੋਲੀਆਂ ਵੱਜੀਆਂ ਹਨ ਤੇ ਇਕ 25 ਸਾਲਾ ਵਿਅਕਤੀ ਦੀ ਪਿੱਠ ਵਿਚ ਗੋਲੀ ਵੱਜੀ ਹੈ। ਪੁਲਿਸ ਮੁੱਖੀ ਨੇ ਕਿਹਾ ਹੈ ਕਿ ਸਾਰੇ ਜ਼ਖਮੀ ਠੀਕ ਠਾਕ ਹਨ ਤੇ ਆਸ ਹੈ ਕਿ ਉਹ ਸਾਰੇ ਬਚ ਜਾਣਗੇ। ਚੈਲ ਨੇ ਕਿਹਾ ਕਿ ਗੋਲੀਬਾਰੀ ਉਪਰੰਤ ਸ਼ੱਕੀ ਦੋਸ਼ੀ ਸਕੂਟਰ ਉਪਰ ਹੀ ਫਰਾਰ ਹੋ ਗਏ। ਉਨਾਂ ਕਿਹਾ ਕਿ ਘਟਨਾ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਤੋਂ ਸ਼ੱਕੀ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਚੈਲ ਨੇ ਕਿਹਾ ਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਹਮਲੇ ਦਾ ਮੰਤਵ ਕੀ ਹੈ ਤੇ ਕੀ ਸ਼ੱਕੀ ਦੋਸ਼ੀ ਪੀੜਤਾਂ ਨੂੰ ਜਾਣਦੇ ਹਨ। ਉਥੇ ਸੈਂਕੜੇ ਲੋਕਾਂ ਦਾ ਇਕੱਠ ਸੀ ਜਿਨਾਂ ਵਿਚੋਂ ਉਹ ਕਿਸ ਨੂੰ ਨਿਸ਼ਾਨਾ ਬਣਾਉਣ ਆਏ ਸਨ ਇਸ ਬਾਰੇ ਜਾਂਚ ਉਪਰੰਤ ਹੀ ਸਥਿੱਤੀ ਸਾਫ ਹੋ ਸਕੇਗੀ।

Leave a comment