#AMERICA

ਅਮਰੀਕਾ ਨੇ ਇਕ ਦਿਨ ’ਚ ਡਿਪੋਰਟ ਕੀਤੇ 21 ਭਾਰਤੀ ਵਿਦਿਆਰਥੀ

ਸਾਨ ਫਰਾਂਸਿਕੋ, 19 ਅਗਸਤ (ਪੰਜਾਬ ਮੇਲ)- ਅਮਰੀਕਾ ਤੋਂ ਇੱਕ ਦਿਨ ਵਿਚ 21 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਮਤਲਬ ਦੇਸ਼ ਵਾਪਸ ਭੇਜ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰਿਪੋਰਟਾਂ ਅਨੁਸਾਰ ਇਹਨਾਂ ਵਿਦਿਆਰਥੀਆਂ ਵਿਚੋਂ ਇਕ ਦਰਜਨ ਤੇਲਗੂ ਵਿਦਿਆਰਥੀ ਹਨ, ਜੋ ਇਸ ਹਫ਼ਤੇ ਮਾਸਟਰ ਕੋਰਸ ਲਈ ਅਮਰੀਕਾ ਪਹੁੰਚੇ ਸਨ। ਤੇਲਗੂ ਰਾਜਾਂ ਦੇ ਵਿਦਿਆਰਥੀਆਂ ਵਿੱਚੋਂ ਕੁਝ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵੀਜ਼ਾ ਦੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਸਨ ਅਤੇ ਫਿਰ ਉਹ ਉੱਚ ਸਿੱਖਿਆ ਲਈ ਆਪਣੇ ਕਾਲਜਾਂ ਵਿਚ ਪੜ੍ਹਨ ਲਈ ਅਮਰੀਕਾ ਪਹੁੰਚੇ ਸਨ। ਉੱਧਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮੇਂ ਲਈ ਹਿਰਾਸਤ ’ਚ ਰੱਖ ਕੇ ਵਾਪਸ ਭੇਜ ਦਿੱਤਾ। ਇਨ੍ਹਾਂ ’ਚੋਂ ਜ਼ਿਆਦਾਤਰ ਅਟਲਾਂਟਾ, ਸ਼ਿਕਾਗੋ ਅਤੇ ਸਾਨ ਫਰਾਂਸਿਸਕੋ ਹਵਾਈ ਅੱਡਿਆਂ ’ਤੇ ਉਤਰੇ ਸਨ। ਮੀਡੀਆ ਰਿਪੋਰਟ ਮੁਤਾਬਕ ਇਹ ਕਾਰਵਾਈ 16 ਅਗਸਤ ਨੂੰ ਕੀਤੀ ਗਈ। ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਨ੍ਹਾਂ ਨੂੰ ਵਾਪਸ ਕਿਉਂ ਭੇਜਿਆ ਗਿਆ ਅਤੇ ਇਹ ਮੰਨਿਆ ਗਿਆ ਕਿ ਇਸ ਦਾ ਉਨ੍ਹਾਂ ਦੇ ਵੀਜ਼ਾ ਦਸਤਾਵੇਜ਼ਾਂ ਨਾਲ ਕੋਈ ਸਬੰਧ ਹੈ। ਕੁਝ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੇ ਫੋਨ ਅਤੇ ਇੱਥੋਂ ਤੱਕ ਕਿ ਵਟਸਐਪ ਚੈਟ ਵੀ ਚੈੱਕ ਕੀਤੇ ਗਏ।
ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਸਿੱਖਿਆ, ਵੀਜ਼ਾ ਇੰਟਰਵਿਊ, ਸਲਾਹਕਾਰਾਂ ਤੋਂ ਦਾਖਲਾ ਮਦਦ ਬਾਰੇ ਪੁੱਛਗਿੱਛ ਕੀਤੀ ਗਈ ਅਤੇ ਅਗਲੇ ਦਿਨ ਏਅਰ ਇੰਡੀਆ ਦੀ ਉਡਾਣ ’ਤੇ ਦਿੱਲੀ ਲਈ ਬਿਠਾਏ ਜਾਣ ਤੱਕ ਹਿਰਾਸਤ ਵਿਚ ਰੱਖਿਆ ਗਿਆ। ਡਿਪੋਰਟ ਕੀਤੇ ਗਏ ਕਈ ਵਿਦਿਆਰਥੀ, ਦਸਤਾਵੇਜ਼ਾਂ ਦੀ ਘਾਟ ਅਤੇ ਬਕਾਇਆ ਅਧਿਕਾਰਤ ਪ੍ਰਕਿਰਿਆ ਕਾਰਨ ਕਥਿਤ ਤੌਰ ’ਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਦਿੱਲੀ ’ਤੇ ਫਸੇ ਹੋਏ ਹਨ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਆਈ.ਸੀ.ਈ. ਅਧਿਕਾਰੀਆਂ ਦਾ ਰਵੱਈਆ ਮਨਮਾਨੀ ਸੀ ਅਤੇ ਦੂਤਘਰ ਅਤੇ ਯੂਨੀਵਰਸਿਟੀ ਤੋਂ ਸਾਰੇ ਲੋੜੀਂਦੇ ਦਸਤਾਵੇਜ਼ਾਂ ਹੋਣ ਦੇ ਬਾਵਜੂਦ ਉਹ ਜਵਾਬਦੇਹ ਨਹੀਂ ਸਨ।
ਹੋਰਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਂਤੀ ਨਾਲ ਚਲੇ ਜਾਣ ਲਈ ਕਿਹਾ ਗਿਆ ਸੀ ਅਤੇ ਇਤਰਾਜ਼ ਕਰਨ ’ਤੇ ਗੰਭੀਰ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਸੀ। ਕੁਝ ਵਿਦਿਆਰਥੀਆਂ ਨੇ ਕਿਹਾ ਕਿ ਉਹ ਜਿਹੜੀਆਂ ਸਧਾਰਨ ਯੂਨੀਵਰਸਿਟੀਆਂ ਵਿਚ ਪੜ੍ਹਾਈ ਲਈ ਗਏ, ਉਨ੍ਹਾਂ ਵਿਚ ਮਿਸੂਰੀ ਅਤੇ ਦੱਖਣੀ ਡਕੋਟਾ ਰਾਜਾਂ ਦੀਆਂ ਯੂਨੀਵਰਸਿਟੀਆਂ ਵੀ ਸ਼ਾਮਲ ਹਨ। ਦੁਖੀ ਵਿਦਿਆਰਥੀ ਸਮੇਂ, ਪੈਸੇ ਅਤੇ ਭਵਿੱਖ ਦੇ ਵੱਡੇ ਨੁਕਸਾਨ ਅਤੇ ਦੇਸ਼ ਨਿਕਾਲਾ ਦਿੱਤੇ ਜਾਣ ਦੇ ਨਤੀਜਿਆਂ ਬਾਰੇ ਚਿੰਤਤ ਹਨ।

Leave a comment