ਸੈਕਰਾਮੈਂਟੋ,ਕੈਲੀਫੋਰਨੀਆ, 13 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਹਵਾਈ ਟਾਪੂ ‘ਤੇ ਵੱਸੇ ਦੂਸਰੇ ਵੱਡੇ ਸ਼ਹਿਰ ਮਾਊਈ ਵਿਚ ਲੱਗੀ ਭਿਆਨਕ ਜੰਗਲੀ ਅੱਗ ਵਿੱਚ ਸੜ ਕੇ ਮਰਨ ਵਾਲਿਆਂ ਦੀ ਗਿਣਤੀ 67 ਹੋ ਗਈ ਹੈ ਜਦ ਕਿ ਤਕਰੀਬਨ 1000 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਬਚਾਅ ਤੇ ਰਾਹਤ ਕਾਮੇ ਸੂਹੀਆ ਕੁੱਤਿਆਂ ਦੀ ਮੱਦਦ ਨਾਲ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਹਵਾਈ ਐਮਰਜੰਸੀ ਮੈਨਜਮੈਂਟ ਏਜੰਸੀ ਦੇ ਬੁਲਾਰੇ ਐਡਮ ਵੀਨਟਰਬ ਨੇ ਕਿਹਾ ਹੈ ਕਿ ਲਾਪਤਾ ਲੋਕਾਂ ਦੀ ਭਾਲ ਤੇ ਬਚਾਅ ਕਾਰਜ ਅਜੇ ਵੀ ਮੁੱਢਲੀ ਚਿੰਤਾ ਹੈ। ਟਾਪੂ ਦੇ ਕਈ ਹਿੱਸਿਆਂ ਵਿਚ ਅੱਗ ਅਜੇ ਵੀ ਸੁਲਗ ਰਹੀ ਹੈ ਜਿਸ ਉਪਰ ਕਾਬੂ ਪਾਉਣ ਦੇ ਯਤਨ ਜਾਰੀ ਹਨ। ਮਾਊਈ ਕਾਊਂਟੀ ਦੇ ਮੇਅਰ ਰਿਚਰਡ ਬਿਸੇਨ ਜੂਨੀਅਰ ਨੇ ਕਿਹਾ ਹੈ ਕਿ ਲਾਸ਼ਾਂ ਦੀ ਭਾਲ ਲਈ ਸਹਾਇਤਾ ਵਜੋਂ ਸੂਹੀਆ ਕੁੱਤਿਆਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਉਨਾਂ ਕਿਹਾ ਕਿ ਮੌਤਾਂ ਦੀ ਗਿਣਤੀ 1960 ਵਿਚ ਹਵਾਈ ‘ਤੇ ਆਈ ਸਭ ਤੋਂ ਵੱਡੀ ਕੁੱਦਰਤੀ ਆਫਤ ਸੁਨਾਮੀ ਵਿਚ ਹੋਈਆਂ ਮੌਤਾਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ। ਉਸ ਸਮੇ 61 ਮੌਤਾਂ ਹੋਈਆਂ ਸਨ। ਉਂਝ ਹਵਾਈ ਨੂੰ ਰਾਜ ਦਾ ਦਰਜਾ ਮਿਲਣ ਤੋਂ ਪਹਿਲਾਂ 1946 ਵਿਚ ਆਈ ਸੁਨਾਮੀ ਵਿੱਚ ਇਸ ਵੱਡੇ ਟਾਪੂ ‘ਤੇ 150 ਮੌਤਾਂ ਹੋਈਆਂ ਸਨ। ਇਸੇ ਦੌਰਾਨ ਹਵਾਈ ਦੇ ਐਮਰਜੰਸੀ ਵਾਰਨਿੰਗ ਸਿਸਟਮ ਉਪਰ ਵੀ ਸਵਾਲ ਉਠਾਏ ਜਾ ਰਹੇ ਹਨ ਜੋ ਲੋਕਾਂ ਨੂੰ ਅਗਾਊਂ ਸੁਚੇਤ ਕਰਨ ਵਿੱਚ ਨਾਕਾਮ ਰਿਹਾ। ਅੱਗ ਵਿਚੋਂ ਬਚ ਕੇ ਆਏ ਲੋਕਾਂ ਨੇ ਕਿਹਾ ਹੈ ਕਿ ਉਨਾਂ ਨੂੰ ਕੋਈ ਸਾਇਰਨ ਸੁਣਾਈ ਨਹੀਂ ਦਿੱਤਾ ਤੇ ਨਾ ਹੀ ਕੋਈ ਅਗਾਊਂ ਚਿਤਾਵਨੀ ਦਿੱਤੀ ਗਈ। ਉਨਾਂ ਨੂੰ ਕੇਵਲ ਓਦੋਂ ਹੀ ਖਤਰੇ ਬਾਰੇ ਪਤਾ ਲੱਗਾ ਜਦੋਂ ਅੱਗ ਦੀਆਂ ਲਪਟਾਂ ਵਿਖਾਈ ਦਿੱਤੀਆਂ ਤੇ ਧਮਾਕੇ ਸੁਣਾਈ ਦਿੱਤੇ। ਅੱਗ ਵਿਚ ਆਪਣਾ ਘਰ ਗਵਾ ਚੁੱਕੀ ਲਿਨ ਰੋਬਿਨਸਨ ਨੇ ਕਿਹਾ ਕਿ ਸਾਨੂੰ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਤੇ ਨਾ ਹੀ ਕੋਈ ਸਾਡੀ ਮੱਦਦ ਲਈ ਆਇਆ। ਇਤਿਹਾਸਕ ਕਸਬਾ ਲਾਹੈਨਾ ਸਵਾਹ ਵਿਚ ਤਬਦੀਲ ਹੋ ਚੁੱਕਾ ਹੈ। ਹਜਾਰਾਂ ਲੋਕ ਉਜੜ ਗਏ ਹਨ ਤੇ ਇਮਾਰਤਾਂ ਤਬਾਹ ਹੋ ਗਈਆਂ ਹਨ। ਗਵਰਨਰ ਜੋਸ਼ ਗਰੀਨ ਨੇ ਕਸਬੇ ਦੇ ਮੇਅਰ ਨਾਲ ਖੰਡਰ ਬਣ ਚੁੱਕੇ ਲਾਹੈਨਾ ਕਸਬੇ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਬਿਨਾਂ ਸ਼ੱਕ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਲਾਹੈਨਾ ਉਪਰ ਕੋਈ ਬੰਬ ਵਰਗੀ ਚੀਜ ਡਿੱਗੀ ਹੋਵੇ। ਉਨਾਂ ਕਿਹਾ ਕਿ ਸ਼ੁਰੂ ਵਿਚ ਲੋਕਾਂ ਲਈ 2000 ਕਮਰੇ ਲਏ ਗਏ ਹਨ ਤੇ ਸਥਾਨਕ ਹੋਟਲਾਂ ਤੇ ਹੋਰਨਾਂ ਨੂੰ ਕਿਹਾ ਗਿਆ ਹੈ ਕਿ ਉਹ ਲੋੜਵੰਦਾਂ ਨੂੰ ਆਰਜੀ ਰਿਹਾਇਸ਼ ਦੇਣ ਵਿੱਚ ਮੱਦਦ ਕਰਨ।