ਸੈਕਰਾਮੈਂਟੋ, ਕੈਲੀਫੋਰਨੀਆ, 6 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-2020 ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਉਲਟਾ ਦੇਣ ਦੀਆਂ ਕਥਿੱਤ ਕੋਸ਼ਿਸ਼ਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵਾਸ਼ਿੰਗਟਨ ਦੀ ਇਕ ਸੰਘੀ ਅਦਾਲਤ ਦੇ ਜੱਜ ਵੱਲੋਂ ਚਿਤਾਵਨੀ ਦੇ ਕੇ ਅਦਾਲਤ ਵਿਚੋਂ ਜਾਣ ਦੀ ਪ੍ਰਵਾਨਗੀ ਦੇ ਦੇਣ ਦੀ ਖਬਰ ਹੈ। ਸਾਬਕਾ ਰਾਸ਼ਟਰਪਤੀ ਦੀ ਇਕ ਸੰਘੀ ਅਦਾਲਤ ਵਿਚ ਪੇਸ਼ੀ ਸਮੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ। ਯੂ ਐਸ ਮਜਿਸਟ੍ਰੇਟ ਜੱਜ ਮੌਕਸਿਲਾ ਏ ਉਪਾਧਿਆਇਆ ਨੇ ਹਾਲਾਂ ਕਿ ਟਰੰਪ ਨੂੰ ਬਿਨਾਂ ਕਿਸੇ ਯਾਤਰਾ ਪਾਬੰਦੀਆਂ ਜਾਂ ਕੈਸ਼ ਬੌਂਡ ਦੇ ਅਦਾਲਤ ਵਿਚੋਂ ਜਾਣ ਦੀ ਇਜਾਜਤ ਦੇ ਦਿੱਤੀ ਪਰੰਤੂ ਇਸ ਤੋਂ ਪਹਿਲਾਂ ਕਿ ਟਰੰਪ ਅਦਾਲਤ ਵਿਚੋਂ ਜਾਂਦੇ, ਉਪਾਧਿਆਇਆ ਨੇ ਸਾਬਕਾ ਰਾਸ਼ਟਰਪਤੀ ਨੂੰ ਰਿਹਾਅ ਕਰਨ ਦੀਆਂ ਸ਼ਰਤਾਂ ਦੱਸੀਆਂ ਤੇ ਇਨਾਂ ਸ਼ਰਤਾਂ ਦੀ ਉਲੰਘਣਾ ਕਰਨ ‘ਤੇ ਚਿਤਾਵਨੀ ਵੀ ਦਿੱਤੀ। ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ 28 ਅਗਸਤ ‘ਤੇ ਪਾ ਦਿੱਤੀ ਹੈ। ਜੱਜ ਵੱਲੋਂ ਜਾਰੀ ਚਿਤਾਵਨੀ ਤੇ ਸ਼ਰਤਾਂ ਉਸੇ ਤਰਾਂ ਦੀਆਂ ਹਨ ਜਿਸ ਤਰਾਂ ਦੀਆਂ ਸ਼ਰਤਾਂ ਮਿਆਮੀ ਸੰਘੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਦੀ ਰਿਹਾਈ ਸਮੇ ਦਿੱਤੀਆਂ ਸਨ ਜਿਸ ਅਦਾਲਤ ਵਿਚ ਸਾਬਕਾ ਰਾਸ਼ਟਰਪਤੀ ਨੇ ਉਨਾਂ ਦੇ ਫਲੋਰਿਡਾ ਰਿਜ਼ਾਰਟ ਤੋਂ ਬਰਾਮਦ ਖੁਫੀਆ ਦਸਤਾਵੇਜਾਂ ਦੇ ਮਾਮਲੇ ਵਿਚ ਆਪਣੇ ਆਪ ਨੂੰ ਨਿਰਦੋਸ਼ ਦਸਿਆ ਸੀ।