#AMERICA

ਅਮਰੀਕਾ ਦੇ ਸ਼ਹਿਰ ਫਾਰਗੋ ਵਿਚ ਪੁਲਿਸ ਉਪਰ ਚਲਾਈਆਂ ਗੋਲੀਆਂ, 1 ਪੁਲਿਸ ਅਫਸਰ ਦੀ ਮੌਤ 2 ਗੰਭੀਰ ਜਖਮੀ

* ਸ਼ੱਕੀ ਹਮਲਾਵਰ ਵੀ ਮਾਰਿਆ ਗਿਆ

ਸੈਕਰਾਮੈਂਟੋ,ਕੈਲੀਫੋਰਨੀਆ 17 ਜੁਲਾਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਦੱਖਣੀ ਡਕੋਟਾ ਰਾਜ ਦੇ ਸ਼ਹਿਰ ਫਾਰਗੋ ਵਿਚ ਪੁਲਿਸ ਉਪਰ ਅਚਨਚੇਤ ਕੀਤੀ ਗੋਲੀਬਾਰੀ ਵਿਚ ਇਕ ਪੁਲਿਸ ਅਫਸਰ ਦੀ ਮੌਤ ਹੋਣ ਤੇ 2 ਹੋਰ ਪੁਲਿਸ ਅਫਸਰਾਂ ਦੇ ਗੰਭੀਰ ਹਾਲਤ ਵਿਚ ਜ਼ਖਮੀ ਹੋਣ ਦੀ ਖਬਰ ਹੈ। ਇਕ ਆਮ ਨਾਗਰਿਕ ਵੀ ਗੋਲੀਬਾਰੀ ਦੀ ਲਪੇਟ ਵਿਚ ਆ ਕੇ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿਚ ਹਮਲਾਵਰ ਜ਼ਖਮੀ ਹੋ ਗਿਆ ਜੋ ਬਾਅਦ ਵਿਚ ਹਸਪਤਾਲ ਵਿੱਚ ਦਮ ਤੋੜ ਗਿਆ। ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਮ੍ਰਿਤਕ ਪੁਲਿਸ ਅਫਸਰ ਦੀ ਪਛਾਣ ਜੇਕ ਵਾਲਿਨ (23) ਵਜੋਂ ਹੋਈ ਹੈ । ਜ਼ਖਮੀ ਪੁਲਿਸ ਅਫਸਰਾਂ ਵਿਚ ਐਂਡਰੀਊ ਡੋਟਸ ਤੇ ਟਾਇਲ ਹੇਵਸ ਸ਼ਾਮਿਲ ਹਨ। ਇਨਾਂ ਦੋਨਾਂ ਦੇ ਗੋਲੀਆਂ ਵੱਜੀਆਂ ਹਨ ਤੇ ਇਕ ਸਿਹਤ ਕੇਂਦਰ ਵਿਚ ਇਲਾਜ਼ ਅਧੀਨ ਹਨ ਜਿਥੇ ਇਨਾਂ ਦੀ ਹਾਲਤ ਗੰਭੀਰ ਪਰ ਸਥਿੱਰ ਦੱਸੀ ਜਾਂਦੀ ਹੈ। ਸ਼ੱਕੀ ਹਮਲਾਵਰ ਦੀ ਪਛਾਣ ਮੋਹੰਮਦ ਬਰਕਤ (37) ਵਜੋਂ ਹੋਈ ਹੈ। ਪ੍ਰੈਸ ਬਿਆਨ ਅਨੁਸਾਰ ਗੋਲੀਬਾਰੀ ਦੌਰਾਨ ਜ਼ਖਮੀ ਹੋਇਆ ਆਮ ਨਾਗਰਿਕ ਇਕ 25 ਸਾਲਾ ਔਰਤ ਹੈ ਜਿਸ ਨੂੰ ਗੰਭੀਰ ਜ਼ਖਮਾਂ ਨਾਲ ਸਿਹਤ ਕੇਂਦਰ ਵਿਚ ਦਾਖਲ ਕਰਵਾਇਆ ਗਿਆ ਹੈ। ਗੋਲੀਬਾਰੀ ਫਾਰਗੋ ਦੇ ਦੱਖਣ ਵਿਚ 9 ਵੀਂ ਐਵਨਿਊ ਤੇ 25 ਵੀਂ ਸਟਰੀਟ ਨੇੜੇ ਹੋਈ। ਪੁਲਿਸ ਮੁੱਖੀ ਡੇਵ ਜ਼ਿਬੋਲਸਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਲੀਬਾਰੀ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਜਾਂਚ ਉਪਰੰਤ ਹੀ ਸਥਿੱਤੀ ਸਾਫ ਹੋ ਸਕੇਗੀ। ਉਨਾਂ ਕਿਹਾ ਕਿ ਗੋਲੀਬਾਰੀ ਉਸ ਵੇਲੇ ਹੋਈ ਜਦੋਂ ਪੁਲਿਸ ਅਫਸਰ ਇਕ ਹਾਦਸੇ ਦੀ ਜਾਂਚ ਕਰ ਰਹੇ ਸਨ। ਉਨਾਂ ਕਿਹਾ ਕਿ ਅਜਿਹਾ ਨਹੀਂ ਲੱਗਦਾ ਕਿ ਬਰਕਤ ਦਾ ਵਾਹਣ ਵੀ ਇਸ ਹਾਦਸੇ ਵਿਚ ਸ਼ਾਮਿਲ ਸੀ ਪਰੰਤੂ ਅਜੇ ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਮੁੱਖੀ ਨੇ ਕਿਹਾ ਕਿ ਸ਼ੱਕੀ ਹਮਲਾਵਰ ਨੇ ਹਾਦਸੇ ਵਾਲੇ ਸਥਾਨ ‘ਤੇ ਸਹਾਇਤਾ ਲਈ ਪਹੁੰਚੇ ਅੱਗ ਬੁਝਾਊ ਵਿਭਾਗ ਦੇ ਅਮਲੇ ਉਪਰ ਵੀ ਗੋਲੀਆਂ ਚਲਾਈਆਂ ਪਰੰਤੂ ਉਹ ਵਾਲ ਵਾਲ ਬਚ ਗਏ।

Leave a comment