#AMERICA

ਅਮਰੀਕਾ ਦੇ ਵੱਡੇ ਬੈਂਕਾਂ ‘ਚ ਸ਼ਾਮਲ ਸਿਲੀਕਾਨ ਵੈਲੀ ਬੈਂਕ ਡੁੱਬਿਆ

-ਬੈਂਕ ਦੇ ਦੀਵਾਲੀਆ ਹੋਣ ਤੋਂ ਬਾਅਦ ਉਸ ਦੀ ਸੰਪਤੀ ਹੋਈ ਜ਼ਬਤ
ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਵੱਡੇ ਬੈਂਕਾਂ ‘ਚ ਸ਼ਾਮਲ ਸਿਲੀਕਾਨ ਵੈਲੀ ਬੈਂਕ (ਐੱਸ.ਵੀ.ਬੀ.) ਡੁੱਬ ਗਿਆ ਹੈ। ਬੈਂਕ ਦੇ ਦੀਵਾਲੀਆ ਹੋਣ ਤੋਂ ਬਾਅਦ ਉਸ ਦੀ ਸੰਪਤੀ ਜ਼ਬਤ ਕਰ ਲਈ ਗਈ ਹੈ। ਬੈਂਕ ਬੰਦ ਹੋਣ ਕਾਰਨ ਅਮਰੀਕੀ ਬੈਂਕਿੰਗ ਸੈਕਟਰ ਮੁਸ਼ਕਲਾਂ ‘ਚ ਘਿਰ ਗਿਆ ਹੈ ਅਤੇ ਇਸ ਦਾ ਅਸਰ ਦੁਨੀਆਂ ਭਰ ‘ਚ ਦੇਖਣ ਨੂੰ ਮਿਲਿਆ ਹੈ। ਇਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ ‘ਚ ਸ਼ੁੱਕਰਵਾਰ ਨੂੰ ਗਿਰਾਵਟ ਦਰਜ ਹੋਈ ਅਤੇ ਦੁਨੀਆਂ ‘ਚ ਮੰਦੀ ਦਾ ਖ਼ਤਰਾ ਮੁੜ ਸਤਾਉਣ ਲੱਗ ਪਿਆ ਹੈ। ਬੈਂਕ ਬੰਦ ਹੋ ਜਾਣ ਕਾਰਨ ਕਈ ਭਾਰਤੀ ਸਟਾਰਟਅੱਪਸ ਚਿੰਤਿਤ ਹੋ ਗਏ ਹਨ ਕਿਉਂਕਿ ਉਨ੍ਹਾਂ ਵੱਲੋਂ ਉਗਰਾਹੇ ਫੰਡ ਹੁਣ ਫਸ ਸਕਦੇ ਹਨ। ਜਾਣਕਾਰੀ ਮੁਤਾਬਕ ਬੈਂਕ ਨੇ ਭਾਰਤ ‘ਚ 21 ਸਟਾਰਟਅੱਪਸ ‘ਚ ਪੈਸਾ ਲਗਾਇਆ ਸੀ। ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ਼ ਫਾਇਨਾਂਸ਼ੀਅਲ ਪ੍ਰੋਟੈਕਸ਼ਨ ਐਂਡ ਇਨੋਵੇਸ਼ਨ ਨੇ ਬੈਂਕ ਦੀ ਮਾੜੀ ਵਿੱਤੀ ਹਾਲਤ ਨੂੰ ਦੇਖਦਿਆਂ ਇਸ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਲੀਕਾਨ ਵੈਲੀ ਬੈਂਕ ਦੇ ਗਾਹਕਾਂ ਦੀ ਜਮ੍ਹਾਂ ਪੂੰਜੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਨੂੰ ਸੌਂਪੀ ਗਈ ਹੈ ਅਤੇ ਗਾਹਕਾਂ ਨੂੰ ਪਹੁੰਚ ਕਰਨ ਲਈ ਕਿਹਾ ਗਿਆ ਹੈ। ਸਿਲੀਕਾਨ ਵੈਲੀ ਬੈਂਕ ਅਮਰੀਕਾ ਦਾ 16ਵਾਂ ਸਭ ਤੋਂ ਵੱਡਾ ਬੈਂਕ ਹੈ, ਜਿਸ ਕੋਲ 210 ਅਰਬ ਡਾਲਰ ਤੋਂ ਵੱਧ ਦੀ ਸੰਪਤੀ ਹੈ। ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਨੀਤੀਗਤ ਵਿਆਜ ਦਰਾਂ ‘ਚ ਲਗਾਤਾਰ ਕੀਤੇ ਜਾ ਰਹੇ ਵਾਧੇ ਕਾਰਨ ਬੈਂਕ ਦੇ ਹਾਲਾਤ ਵਿਗੜਦੇ ਗਏ। ਜਿਨ੍ਹਾਂ ਟੈੱਕ ਕੰਪਨੀਆਂ ਨੂੰ ਬੈਂਕ ਨੇ ਕਰਜ਼ ਦਿੱਤਾ ਸੀ, ਉਨ੍ਹਾਂ ਕਰਜ਼ ਮੋੜਿਆ ਨਹੀਂ, ਜਿਸ ਦਾ ਅਸਰ ਬੈਂਕ ਦੀ ਮਾਲੀ ਹਾਲਤ ‘ਤੇ ਪਿਆ। ਪਿੰਟਰੈਸਟ ਅਤੇ ਕੁਆਇਨਬੇਸ ਦੇ ਬੋਰਡ ਮੈਂਬਰ ਗੋਕੁਲ ਰਾਜਾਰਾਮ ਨੇ ਟਵੀਟ ਕੀਤਾ ਕਿ ਭਾਰਤ ਆਧਾਰਿਤ ਸੰਸਥਾਪਕਾਂ ਨੂੰ ਨਹੀਂ ਪਤਾ ਕਿ ਸਿਲੀਕਾਨ ਵੈਲੀ ਬੈਂਕ ਦੇ ਬਦਲ ਵਜੋਂ ਕਿਸ ਕੋਲ ਜਾਣਾ ਹੈ। ਟਵਿੱਟਰ ਦੇ ਮਾਲਕ ਐਲਨ ਮਸਕ ਨੇ ਕਿਹਾ ਕਿ ਉਹ ਡੁੱਬੇ ਹੋਏ ਸਿਲੀਕਾਨ ਵੈਲੀ ਬੈਂਕ ਨੂੰ ਖ਼ਰੀਦਣ ਲਈ ਤਿਆਰ ਹਨ। ਰੇਜ਼ਰ ਕੰਪਨੀ ਦੇ ਸਹਿ-ਬਾਨੀ ਅਤੇ ਸੀ.ਈ.ਓ. ਮਿਨ ਲਿਆਂਗ ਟੈਨ ਨੇ ਟਵੀਟ ਕੀਤਾ, ”ਮੇਰੇ ਵਿਚਾਰ ਨਾਲ ਟਵਿੱਟਰ ਨੂੰ ਸਿਲੀਕਾਨ ਵੈਲੀ ਬੈਂਕ ਖ਼ਰੀਦ ਕੇ ਉਸ ਨੂੰ ਡਿਜ਼ੀਟਲ ਬੈਂਕ ਬਣਾਉਣਾ ਚਾਹੀਦਾ ਹੈ।” ਇਸ ‘ਤੇ ਮਸਕ ਨੇ ਜਵਾਬ ਦਿੱਤਾ, ”ਮੈਂ ਇਸ ‘ਤੇ ਵਿਚਾਰ ਕਰਾਂਗਾ।”

ਸਿਲੀਕਾਨ ਵੈਲੀ ਬੈਂਕ ਤੋਂ ਬਾਅਦ ਸਿਗਨੇਚਰ ਬੈਂਕ ਵੀ ਅਸਥਾਈ ਤੌਰ ‘ਤੇ ਬੰਦ
ਨਵੀਂ ਦਿੱਲੀ, (ਪੰਜਾਬ ਮੇਲ)- ਸਿਲੀਕਾਨ ਵੈਲੀ ਬੈਂਕ (ਐੱਸ.ਵੀ.ਬੀ.) ਤੋਂ ਬਾਅਦ ਹੁਣ ਸਿਗਨੇਚਰ ਬੈਂਕ ਨੂੰ ਵੀ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਸਿਗਨੇਚਰ ਬੈਂਕ ਕੋਲ ਕ੍ਰਿਪਟੋਕਰੰਸੀ ਦਾ ਸਟਾਕ ਸੀ। ਇਸ ਦੇ ਖਤਰੇ ਨੂੰ ਦੇਖਦੇ ਹੋਏ ਬੈਂਕ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਬੈਂਕ ਦੇ ਸ਼ੇਅਰਾਂ ‘ਚ ਸ਼ੁੱਕਰਵਾਰ ਨੂੰ ਵੀ ਗਿਰਾਵਟ ਦੇਖਣ ਨੂੰ ਮਿਲੀ।
ਸਿਗਨੇਚਰ ਬੈਂਕ ਨਿਊਯਾਰਕ ਵਿਚ ਇੱਕ ਖੇਤਰੀ ਬੈਂਕ ਹੈ। ਨਿਊਯਾਰਕ ਸਟੇਟ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਸਰਵਿਸਿਜ਼ ਅਨੁਸਾਰ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ (ਐੱਫ.ਡੀ.ਆਈ.ਸੀ.) ਨੇ ਸਿਗਨੇਚਰ ਨੂੰ ਸੰਭਾਲਿਆ, ਜਿਸਦੀ ਪਿਛਲੇ ਸਾਲ ਦੇ ਅੰਤ ਵਿਚ 110.36 ਬਿਲੀਅਨ ਡਾਲਰ ਦੀ ਜਾਇਦਾਦ ਸੀ।
ਅਮਰੀਕੀ ਖਜ਼ਾਨਾ ਵਿਭਾਗ ਅਤੇ ਹੋਰ ਬੈਂਕ ਰੈਗੂਲੇਟਰਾਂ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ, ”ਕਰਦਾਤਿਆਂ ਨੂੰ ਸਿਗਨੇਚਰ ਬੈਂਕ ਅਤੇ ਸਿਲੀਕਾਨ ਵੈਲੀ ਬੈਂਕ ਦੇ ਕਿਸੇ ਵੀ ਨੁਕਸਾਨ ਦਾ ਬੋਝ ਨਹੀਂ ਝੱਲਣਾ ਪਵੇਗਾ।”
ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਅਤੇ ਫੈਡਰਲ ਰਿਜ਼ਰਵ ਇੱਕ ਫੰਡ ਬਣਾਉਣ ਦੀ ਯੋਜਨਾ ਬਣਾ ਰਹੇ ਹਨ, ਤਾਂ ਜੋ ਹੋਰ ਬੈਂਕ ਇਸ ਸੰਕਟ ਤੋਂ ਪ੍ਰਭਾਵਿਤ ਨਾ ਹੋਣ।

Leave a comment