* ਆਪਣੇ ਮਿੱਤਰ ਦੇ ਵਿਆਹ ‘ਚ ਸ਼ਾਮਲ ਹੋਣ ਲਈ ਹੋਈਆਂ ਸਨ ਇਕੱਠੀਆਂ
ਸੈਕਰਾਮੈਂਟੋ, 21 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮਿਨੀਸੋਟਾ ਰਾਜ ਦੇ ਸ਼ਹਿਰ ਮਿਨੀਆਪੋਲਿਸ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ 5 ਔਰਤ ਦੋਸਤਾਂ ਦੇ ਮਾਰੇ ਜਾਣ ਦੀ ਖਬਰ ਹੈ। ਮ੍ਰਿਤਕਾਂ ਦੀ ਉਮਰ 21 ਸਾਲ ਤੋਂ ਘੱਟ ਦੱਸੀ ਜਾਂਦੀ ਹੈ। ਮਿਨੀਆਪੋਲਿਸ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਹਾਦਸੇ ਤੋਂ ਪਹਿਲਾਂ ਮਿਨੀਸੋਟਾ ਸਟੇਟ ਗਸ਼ਤੀ ਦਲ ਨੇ ਇੰਟਰ ਸਟੇਟ 35 ਉਪਰ ਇਕ ਤੇਜ਼ ਰਫ਼ਤਾਰ ਕਾਰ ਜਾਂਦੀ ਵੇਖੀ ਪਰੰਤੂ ਇਸ ਤੋਂ ਪਹਿਲਾਂ ਕਿ ਗਸ਼ਤੀ ਦਲ ਕਿਸੇ ਟਰੈਫ਼ਿਕ ਸਟਾਪ ‘ਤੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦਾ, ਉਸ ਦਾ ਡਰਾਈਵਰ ਕਾਰ ਨੂੰ ਰਾਸ਼ਟਰੀ ਮਾਰਗ ਛੱਡ ਕੇ ਇਕ ਪਾਸੇ ਲੈ ਕੇ ਨਿਕਲ ਗਿਆ। ਬਾਅਦ ਵਿਚ ਕਾਰ ਲੇਕ ਸਟਰੀਟ ਤੇ ਸੈਕਿੰਡ ਐਵੀਨਿਊ ਵਿਚਾਲੇ ਪੈਂਦੇ ਚੌਰਾਹੇ ‘ਤੇ ਬਿਨਾਂ ਲਾਲ ਬੱਤੀ ਦੀ ਪਰਵਾਹ ਕੀਤੇ ਅੱਗੇ ਨਿਕਲ ਗਈ ਤੇ ਇਕ ਕਾਰ ਵਿਚ ਜਾ ਵੱਜੀ, ਜਿਸ ਵਿਚ 4 ਬਾਲਗ ਔਰਤਾਂ ਤੇ 1 ਨਾਬਾਲਗ ਔਰਤ ਸਵਾਰ ਸੀ, ਜਿਨ੍ਹਾਂ ਦੀ ਮੌਕੇ ਉਪਰ ਹੀ ਮੌਤ ਹੋ ਗਈ। ਪੁਲਿਸ ਹਾਦਸੇ ਵਾਲੇ ਸਥਾਨ ‘ਤੇ ਸਥਾਨਕ ਸਮੇਂ ਅਨੁਸਾਰ ਰਾਤ 10.12 ਵਜੇ ਪਹੁੰਚੀ। ਬਿਆਨ ਅਨੁਸਾਰ ਹਾਦਸੇ ਲਈ ਜ਼ਿੰਮੇਵਾਰ ਕਾਰ ਦੇ ਡਰਾਈਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰੰਤੂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਹੇਨਪਿਨ ਕਾਊਂਟੀ ਮੈਡੀਕਲ ਸੈਂਟਰ ਵਿਚ ਡਾਕਟਰੀ ਜਾਂਚ ਲਈ ਦਾਖਲ ਕਰਵਾਇਆ ਗਿਆ ਹੈ। ਉਸ ਨੂੰ ਅਜੇ ਤੱਕ ਰਸਮੀ ਤੌਰ ‘ਤੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਅਜੇ ਤੱਕ ਉਸ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਮ੍ਰਿਤਕਾਂ ਦੀ ਪਛਾਣ ਸਲਮਾ ਮੁਹੰਮਦ ਐਬਡੀਕਾਦਿਰ (20), ਸਾਹਰਾ ਲਿਬਨ ਗੈਸਾਡੇ (20), ਸਾਗਲ ਬੁਰਹਾਨ ਹਰਸੀ (19), ਸਿਹਾਮ ਐਡਨ ਓਧੋਵਾ (19) ਤੇ ਸਬੀਰੀਨ ਮੁਹੰਮਦ ਅਲੀ (17) ਵਜੋਂ ਹੋਈ ਹੈ। ਇਹ ਪੰਜੇ ਔਰਤਾਂ ਆਪਸ ਵਿਚ ਮਿੱਤਰ ਸਨ ਤੇ ਆਪਣੇ ਦੋਸਤ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਇਕੱਠੀਆਂ ਹੋਈਆਂ ਸਨ।