ਸੈਕਰਾਮੈਂਟੋ, 3 ਅਗਸਤ (ਹੁਸਨ ਲੜੇਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਾਸਾਚੂਸੈਟਸ ਰਾਜ ਵਿਚ ਚੋਰਾਂ ਵਲੋਂ ਭਾਰਤੀਆਂ ਤੇ ਦੱਖਣ ਏਸ਼ੀਆਈ ਲੋਕਾਂ ਦੇ ਘਰਾਂ ਵਿਚ ਚੋਰੀਆਂ ਕਰਨ ਦੀਆਂ ਖਬਰਾਂ ਹਨ। ਇਕ ਰਿਪੋਰਟ ਅਨੁਸਾਰ ਐੱਫ.ਬੀ.ਆਈ. ਸਮੇਤ ਲਾਅ ਇਨਫੋਰਸਮੈਂਟ ਏਜੰਸੀਆਂ ਮਾਸਾਚੂਸੈਟਸ ਦੇ ਬਿਲਰੀਕਾ, ਨੈਟਕ, ਵੈਸਟੋਨ, ਵੈਲਸਲੇਅ, ਈਸਟੋਨ ਤੇ ਉਤਰੀ ਐਟਲਬੋਰੋ ਕਸਬਿਆਂ ਵਿਚ ਹੋਈਆਂ ਚੋਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀਆਂ ਹਨ। ਮਿਡਲਸੈਕਸ ਡਿਸਟ੍ਰਿਕਟ ਅਟਾਰਨੀ ਮਰੀਅਨ ਰਿਆਨ ਅਨੁਸਾਰ ਚੋਰ ਆਧੁਨਿਕ ਹਨ ਤੇ ਉਹ ਉਨ੍ਹਾਂ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜਿਨ੍ਹਾਂ ਵਿਚ ਰਹਿੰਦੇ ਲੋਕ ਕੁਝ ਦਿਨਾਂ ਲਈ ਬਾਹਰ ਚਲੇ ਜਾਂਦੇ ਹਨ। ਰਿਆਨ ਅਨੁਸਾਰ ਚੋਰ ਘਰਾਂ ਉਪਰ ਨਜਰ ਰਖਦੇ ਹਨ ਜਾਂ ਸੋਸ਼ਲ ਮੀਡੀਆ ਤੋਂ ਪਰਿਵਾਰਾਂ ਦੇ ਘਰੋਂ ਬਾਹਰ ਹੋਣ ਦਾ ਪਤਾ ਲਾ ਲੈਂਦੇ ਹਨ। ਚੋਰੀ ਦੀ ਇਕ ਤਾਜ਼ਾ ਘਟਨਾ ਲਿਨਕੋਲਨ ਵਿਚ ਸਮੀਰ ਡਿਸਾਈ ਨਾਮੀ ਭਾਰਤੀ ਦੇ ਘਰ ਵਿਚ ਹੋਈ ਹੈ। ਰਿਪੋਰਟ ਅਨੁਸਾਰ ਪਰਿਵਾਰ 10 ਦਿਨਾਂ ਲਈ ਬਾਹਰ ਗਿਆ ਸੀ। ਜਦੋਂ ਵਾਪਸ ਆਇਆ ਤਾਂ ਵੇਖਿਆ ਕਿ ਘਰ ਵਿਚੋਂ ਗਹਿਣੇ ਤੇ ਹੋਰ ਕੀਮਤੀ ਸਮਾਨ ਗਾਇਬ ਸੀ। ਡਿਸਾਈ ਆਪਣੇ ਵਿਰਾਸਤੀ ਗਹਿਣਿਆਂ ਦੀ ਹੋਈ ਚੋਰੀ ਤੋਂ ਬੇਹੱਦ ਦੁੱਖੀ ਹਨ। ਡਿਸਾਈ ਨੇ ਕਿਹਾ ਕਿ ਗਹਿਣੇ ਇਕ ਅਜਿਹੀ ਬਹੁਮੁੱਲੀ ਵਸਤੂ ਹੈ, ਜੋ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੁਰੀ ਜਾਂਦੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਐੱਫ.ਬੀ.ਆਈ. ਨਿਊਜਰਸੀ ਸਮੇਤ ਹੋਰ ਥਾਵਾਂ ‘ਤੇ ਏਸ਼ੀਅਨ ਅਮੈਰੀਕਨ ਭਾਈਚਾਰਿਆਂ ਨੂੰ ਲੁੱਟਮਾਰ ਦੀਆਂ ਸੰਭਾਵੀ ਘਟਨਾਵਾਂ ਬਾਰੇ ਚੌਕਸ ਕਰ ਚੁੱਕੀ ਹੈ।