ਸੈਕਰਾਮੈਂਟੋ,ਕੈਲੀਫੋਰਨੀਆ, 19 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ) -ਅਮਰੀਕਾ ਦੇ ਹਵਾਈ ਸੂਬੇ ਦੇ ਮਾਊਈ ਟਾਪੂ ਉਪਰ ਲੱਗੀ ਭਿਆਨਕ ਜੰਗਲੀ ਅੱਗ ਦੇ 10 ਦਿਨਾਂ ਬਾਅਦ ਐਮਰਜੰਸੀ ਮੈਨੇਜਮੈਂਟ ਏਜੰਸੀ ਦੇ ਪ੍ਰਸ਼ਾਸਕ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਪ੍ਰਸ਼ਾਸਕ ਹਰਮਨ ਅੰਦਾਇਆ ਦਾ ਅਸਤੀਫਾ ਤੁਰੰਤ ਪ੍ਰਵਾਨ ਕਰ ਲਿਆ ਗਿਆ ਹੈ। ਹਾਲਾਂ ਕਿ ਉਸ ਨੇ ਅਸਤੀਫੇ ਦਾ ਕਾਰਨ ਸਿਹਤ ਨਾ ਠੀਕ ਹੋਣ ਨੂੰ ਦਸਿਆ ਹੈ ਪਰੰਤੂ ਹਾਲਾਤ ਨੂੰ ਠੀਕ ਤਰਾਂ ਨਾ ਨਜਿੱਠਣ ਕਾਰਨ ਉਨਾਂ ਉਪਰ ਨਿਰੰਤਰ ਦਬਾਅ ਬਣਿਆ ਹੋਇਆ ਸੀ। ਮਾਊਈ ਕਾਊਂਟੀ ਦੇ ਮੇਅਰ ਰਿਚਰਡ ਬਿਸੇਨ ਨੇ ਅਸਤੀਫੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਕਟ ਦੀ ਭਿਆਨਕਤਾ ਨੂੰ ਵੇਖਦੇ ਹੋਏ ਮੈ ਤੇ ਮੇਰੀ ਟੀਮ ਇਸ ਪ੍ਰਮੁੱਖ ਅਹੁੱਦੇ ‘ਤੇ ਜਿੰਨੀ ਛੇਤੀ ਸੰਭਵ ਹੋ ਸਕੇ ਕਿਸੇ ਹੋਰ ਨੂੰ ਨਿਯੁਕਤ ਕਰਨ ਜਾ ਰਹੇ ਹਾਂ। ਉਨਾਂ ਕਿਹਾ ਮੈ ਇਸ ਸਬੰਧੀ ਛੇਤੀ ਐਲਾਨ ਦੀ ਉਮੀਦ ਕਰਦਾ ਹਾਂ। 8 ਅਗਸਤ ਨੂੰ ਲੱਗੀ ਜੰਗਲੀ ਅੱਗ ਵਿਚ ਹੁਣ ਤੱਕ 111 ਤੋਂ ਵਧ ਲਾਸ਼ਾਂ ਬਰਾਮਦ ਹੋਈਆਂ ਹਨ ਜਦ ਕਿ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਨਿਰੰਤਰ ਬਣਿਆ ਹੋਇਆ ਹੈ ਕਿਉਂਕਿ ਮਾਊਈ ਟਾਪੂ ਦੇ ਸੜੇ ਇਕ ਵੱਡੇ ਹਿੱਸੇ ਵਿਚ ਪੀੜਤ ਵਿਅਕਤੀਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮਾਊਈ ਪੁਲਿਸ ਮੁੱਖੀ ਜੌਹਨ ਪੈਲੀਟੀਅਰ ਨੇ ਬੀਤੇ ਦਿਨ ਕਿਹਾ ਕਿ ਟਾਪੂ ਦੇ ਸੜੇ ਜਿਆਦਾਤਰ ਹਿੱਸੇ ਵਿਚ ਅਜੇ ਪੀੜਤਾਂ ਦੀ ਭਾਲ ਕੀਤੀ ਜਾਣੀ ਹੈ।