ਸੈਕਰਾਮੈਂਟੋ,ਕੈਲੀਫੋਰਨੀਆ, 19 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਅਮਰੀਕਾ ਦੇ ਫਲੋਰਿਡਾ ਰਾਜ ਵਿਚ ਇਕ 9 ਸਾਲ ਦੇ ਲੜਕੇ ਦੇ ਹੱਥ ਵਿਚ ਆਈ ਗੰਨ ਉਸ ਵੇਲੇ ਘਾਤਕ ਸਾਬਤ ਹੋਈ ਜਦੋਂ ਉਸ ਨੇ 6 ਸਾਲਾਂ ਦੇ ਲੜਕੇ ਦੇ ਗੋਲੀ ਮਾਰ ਦਿੱਤੀ। ਇਹ ਘਟਨਾ ਫਲੋਰਿਡਾ ਦੇ ਸ਼ਹਿਰ ਜੈਕਸਨਵਿਲੇ ਦੇ ਇਕ ਘਰ ਵਿਚ ਵਾਪਰੀ। ਜੈਕਸਨਵਿਲੇ ਸ਼ੈਰਿਫ ਦਫਤਰ ਦੇ ਸਹਾਇਕ ਮੁੱਖੀ ਜੇ ਡੀ ਸਟਰਾਨਕੋ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਛੋਟੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਿਆ। ਸਟਰਾਨਕੋ ਅਨੁਸਾਰ ਉਸ ਦੇ ਸਿਰ ਵਿਚ ਗੋਲੀ ਵੱਜੀ ਸੀ। ਅਧਿਕਾਰੀਆਂ ਵੱਲੋਂ ਘਟਨਾ ਵਾਪਰਨ ਵੇਲੇ ਘਰ ਵਿਚ ਮੌਜੂਦ ਇਕ ਬਾਲਗ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਕੋਈ ਅਪਰਾਧਕ ਹਿੰਸਾ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਤੇ ਕਿਸੇ ਵਿਰੁੱਧ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਉਨਾਂ ਹੋਰ ਕਿਹਾ ਕਿ ਗੋਲੀ ਚੱਲਣ ਸਮੇ ਘਰ ਵਿਚਲੇ ਹਾਲਾਤ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਥੇ ਜਿਕਰਯੋਗ ਹੈ ਕਿ ਗੰਨ ਹਿੰਸਾ ਵਿਚ ਇਸ ਸਾਲ ਹੁਣ ਤੱਕ 17 ਸਾਲ ਤੋਂ ਘੱਟ ਉਮਰ ਦੇ 1114 ਨਬਾਲਗਾਂ ਦੀ ਮੌਤ ਹੋ ਚੁੱਕੀ ਹੈ ਤੇ 3065 ਜ਼ਖਮੀ ਹੋਏ ਹਨ।