* ਲੜਕੀ ਨੂੰ ਰਾਹਤ ਕਾਮਿਆਂ ਨੇ ਬਚਾਇਆ
ਸੈਕਰਾਮੈਂਟੋ, 13 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਨਿਊਜਰਸੀ ਰਾਜ ਦੇ ਵਾਸੀ ਇਕ ਵਿਅਕਤੀ ਦੀ ਸਮੁੰਦਰੀ ਤੱਟ ‘ਤੇ ਉਸ ਵੇਲੇ ਮੌਤ ਹੋਣ ਦੀ ਖਬਰ ਹੈ ਜਦੋਂ ਉਸ ਨੇ ਪਾਣੀ ਵਿਚ ਰੁੜੀ ਜਾਂਦੀ ਆਪਣੀ ਨਬਾਲਗ ਧੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਰਾਹਤ ਕਾਮੇ ਲੜਕੀ ਨੂੰ ਬਚਾਉਣ ਵਿਚ ਸਫਲ ਰਹੇ ਪਰੰਤੂ ਪਿਤਾ ਨੂੰ ਨਹੀਂ ਬਚਾ ਸਕੇ। ਸਥਾਨਕ ਪੁਲਿਸ ਅਨੁਸਾਰ ਪਿਤਾ ਨੂੰ ਸਥਾਨਕ ਹਸਪਤਾਲ ਵਿਚ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ ਬੀਤੇ ਦਿਨ ਸਵੇਰੇ 8.30 ਵਜੇ ਦੇ ਆਸ ਪਾਸ ਵਾਪਰੀ ਜਦੋਂ ਸੂਚਨਾ ਮਿਲਣ ‘ਤੇ ਏਰੀਆ ਨੈੱਟਵਰਕ ਸ਼ੋਰ ਵਾਟਰ ਐਮਰਜੈਂਸੀ ਰਿਸਪਾਂਡਰਜ ਟੀਮ ਦੇ ਗੋਤਾਖੋਰ ਮੌਕੇ ਉਪਰ ਪੁੱਜੇ। ਲੜਕੀ ਨੂੰ ਸਹੀ ਸਲਾਮਤ ਪਾਣੀ ਵਿਚੋਂ ਕੱਢ ਲਿਆ ਗਿਆ ਜਦ ਕਿ ਗੋਤਾਖੋਰਾਂ, ਕਿਸ਼ਤੀਆਂ ਤੇ ਡਰੋਨ ਦੀ ਮੱਦਦ ਨਾਲ ਤਕਰੀਬਨ 10 ਵਜੇ 39 ਸਾਲਾ ਪਿਤਾ ਨੂੰ ਪਾਣੀ ਵਿਚੋਂ ਕੱਢਿਆ ਗਿਆ । ਪੁਲਿਸ ਵਿਭਾਗ ਅਨੁਸਾਰ ਉਸ ਨੂੰ ਜਰਸੀ ਸ਼ੋਰ ਯੁਨੀਵਰਸਿਟੀ ਮੈਡੀਕਲ ਸੈਂਟਰ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।