ਇਕ ਕਾਲੇ ਵਿਅਕਤੀ ਦੀ ਕੁੱਟਮਾਰ ਉਪਰੰਤ ਮੌਤ ਦਾ ਮਾਮਲਾ
ਸੈਕਰਾਮੈਂਟੋ, 14 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਸੰਘੀ ਗਰੈਂਡ ਜਿਊਰੀ ਵੱਲੋਂ ਅਮਰੀਕਾ ਦੇ ਟੈਨੇਸੀ ਰਾਜ ਦੇ ਸ਼ਹਿਰ ਮੈਮਫਿਸ ਦੇ 5 ਸਾਬਕਾ ਪੁਲਿਸ ਅਫਸਰਾਂ ਵਿਰੁੱਧ ਟਾਇਰ ਨਿਕੋਲਸ ਨਾਲ ਬੁਰੀ ਤਰਾਂ ਕੁੱਟਮਾਰ ਕਰਨ ਦੇ ਮਾਮਲੇ ਵਿਚ ਦੋਸ਼ ਆਇਦ ਕਰਨ ਦੀ ਖਬਰ ਹੈ। 29 ਸਾਲਾ ਕਾਲਾ ਵਿਅਕਤੀ ਨਿਕੋਲਸ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਘਟਨਾ ਤੋਂ 3 ਦਿਨ ਬਾਅਦ ਹਸਪਤਾਲ ਵਿਚ ਦਮ ਤੋੜ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਲ ਜਨਵਰੀ ਵਿਚ ਵਾਪਰੀ ਇਸ ਘਟਨਾ ਵਿਚ ਸ਼ਾਮਿਲ 5 ਸਾਬਕਾ ਪੁਲਿਸ ਅਫਸਰਾਂ ਨੂੰ ਸੰਘੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ, ਸਾਜਿਸ਼ ਰਚਣ ਤੇ ਅੜਿਕਾ ਪਾਉਣ, ਜਿਸ ਕਾਰਨ ਨਿਕੋਲਸ ਦੀ ਮੌਤ ਹੋਈ, ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਇਨਾਂ ਸਾਬਕਾ ਪੁਲਿਸ ਅਫਸਰਾਂ ਵਿਚ ਟਾਡਾਰੀਅਸ ਬੀਨ, ਡੀਮੈਟਰੀਅਸ ਹੇਲੀ, ਏਮਿਟ ਮਾਰਟਿਨ, ਡੈਸਮੌਂਡ ਮਿਲਜ ਜੂਨੀਅਰ ਤੇ ਜਸਟਿਨ ਸਮਿਥ ਸ਼ਾਮਿਲ ਹਨ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅਫਸਰਾਂ ਨੇ ਉਨਾਂ ਲੋਕਾਂ ਦੇ ਮਾਨਵੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਜਿਨਾਂ ਦੀ ਰਾਖੀ ਲਈ ਉਨਾਂ ਨੇ ਸਹੁੰ ਚੁੱਕੀ ਸੀ। ਉਨਾਂ ਨੇ ਜਨਤਿਕ ਸੁਰੱਖਿਆ ਦੀ ਪਰਵਾਹ ਨਹੀਂ ਕੀਤੀ ਜਿਸ ਕਾਰਨ ਲੋਕਾਂ ਦਾ ਲਾਅ ਇਨਫੋਰਸਮੈਂਟ ਵਿਚ ਭਰੋਸਾ ਹੈ। ਉਨਾਂ ਕਿਹਾ ਕਿ ਜਿਨਾਂ ਅਫਸਰਾਂ ਨੇ ਸਹੁੰ ਨਾਲ ਖਿਲਵਾੜ ਕੀਤਾ ਹੈ ਨਿਆਂ ਵਿਭਾਗ ਉਨਾਂ ਨੂੰ ਦੋਸ਼ੀ ਠਹਿਰਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ।