#AMERICA

ਅਮਰੀਕਾ ਦੇ ਕੋਲੋਰਾਡੋ ਫਿਊਨਰਲ ਹੋਮ ਵਿਚੋਂ ਮਿਲੀਆਂ 150 ਤੋਂ ਵਧ ਮ੍ਰਿਤਕ ਦੇਹਾਂ ਨੂੰ ਉਥੋਂ ਹਟਾਇਆ

ਸੈਕਰਾਮੈਂਟੋ, 20 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਮਹੀਨੇ ਅਮਰੀਕਾ ਦੇ ਕੋਲੋਰਾਡੋ ਫਿਊਨਰਲ ਹੋਮ ਵਿਚੋਂ ਮਿਲੀਆਂ ਮ੍ਰਿਤਕ ਦੇਹਾਂ ਨੂੰ ਉਥੋਂ ਹਟਾ ਦਿੱਤਾ ਗਿਆ ਹੈ, ਜਿਨਾਂ ਨੂੰ ਅਣਉਚਿੱਤ ਢੰਗ ਨਾਲ ਰੱਖਿਆ ਗਿਆ ਸੀ। ਫਰੀਮਾਂਟ ਕਾਊਂਟੀ ਸ਼ੈਰਿਫ ਐਲਨ ਕੂਪਰ ਤੇ ਫਰੀਮਾਂਟ ਕੋਰੋਨਰ ਰੈਂਡੀ ਕੇਲਰ ਵੱਲੋਂ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਲੋਰਾਡੋ ਸਪਰਿੰਗ ਦੇ ਦੱਖਣ ਵਿਚ ਤਕਰੀਬਨ 30 ਮੀਲ ਦੂਰ ਨੇਚਰ ਫਿਊਨਰਲ ਹੋਮ ਪੈਨਰੋਜ਼ ਵਿਚੋਂ ਮਿਲੇ 189 ਮਨੁੱਖੀ ਪਿੰਜਰਾਂ (ਰਹਿੰਦ-ਖੂੰਹਦ) ਨੂੰ ਐਲ ਪਾਸੋ ਕਾਊਂਟੀ ਕੋਰਨਰ ਦਫਤਰ ਵਿਖੇ ਭੇਜ ਦਿੱਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਮ੍ਰਿਤਕ ਦੇਹਾਂ ਦੀ ਕੁੱਲ ਗਿਣਤੀ ਬਦਲ ਸਕਦੀ ਹੈ ਕਿਉਂਕਿ ਅਜੇ ਮ੍ਰਿਤਕ ਦੇਹਾਂ ਦੀ ਪਛਾਣ ਤੇ ਜਾਂਚ ਜਾਰੀ ਹੈ। ਕੇਲਰ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਸੂਚਨਾ ਮਿਲਣ ‘ਤੇ ਸ਼ੈਰਿਫ ਦਫਤਰ ਵੱਲੋਂ ਵਾਰੰਟ ਲੈ ਕੇ ਮੁਰਦਾ ਘਰ ਦੀ ਲਈ ਤਲਾਸ਼ੀ ਦੌਰਾਨ ਸ਼ੁਰੂ ‘ਚ 115 ਤੋਂ ਵਧ ਮ੍ਰਿਤਕ ਦੇਹਾਂ ਮਿਲੀਆਂ ਸਨ। ਇਸ ਮਾਮਲੇ ਦੀ ਜਾਂਚ ਵਿਚ ਸ਼ੈਰਿਫ ਦਫਤਰ ਦੀ ਕੋਲੋਰਾਡੋ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਐੱਫ.ਬੀ.ਆਈ. ਸਹਾਇਤਾ ਕਰ ਰਹੇ ਹਨ। ਇਹ ਜਾਂਚ ਮੁਕੰਮਲ ਹੋਣ ਵਿਚ ਕਈ ਮਹੀਨੇ ਲੱਗ ਸਕਦੇ ਹਨ। ਇਸ ਮਾਮਲੇ ਵਿਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ। ਐੱਫ.ਬੀ.ਆਈ. ਦੇ ਅਧਿਕਾਰੀ ਵਿਕੀ ਮਿਗੋਇਆ ਨੇ ਕਿਹਾ ਹੈ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਮਾਮਲੇ ਵਿਚ ਕੋਈ ਅਪਰਾਧ ਹੋਇਆ ਹੈ ਜਾਂ ਨਹੀਂ।

Leave a comment