-ਕਈ ਘਰ ਹੋਏ ਤਬਾਹ ਤੇ ਹਜ਼ਾਰਾਂ ਘਰਾਂ ਵਿਚ ਬਿਜਲੀ ਦੀ ਸਪਲਾਈ ਠੱਪ
ਸੈਕਰਾਮੈਂਟੋ, 1 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨੇਬਰਾਸਕਾ, ਲੋਵਾ, ਟੈਕਸਾਸ ਤੇ ਓਕਲਾਹੋਮਾ ਰਾਜਾਂ ਵਿਚ ਮੌਸਮ ਵਿਚ ਪਿਛਲੇ ਦੋ ਦਿਨਾਂ ਦੌਰਾਨ ਆਈ ਖਤਰਨਾਕ ਤਬਦੀਲੀ ਉਪਰੰਤ ਆਏ ਜ਼ਬਰਦਸਤ ਤੂਫਾਨ ਕਾਰਨ ਘੱਟੋ-ਘੱਟ ਦੋ ਮੌਤਾਂ ਹੋਣ, ਕਈ ਘਰਾਂ ਨੂੰ ਨੁਕਸਾਨ ਪਹੁੰਚਣ ਤੇ ਹਜ਼ਾਰਾਂ ਘਰਾਂ ਵਿਚ ਬਿਜਲੀ ਦੀ ਸਪਲਾਈ ਠੱਪ ਰਹਿਣ ਦੀ ਖਬਰ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਚਿਤਾਵਨੀ ਵਿਚ ਟੈਕਸਾਸ, ਨੇਬਰਾਸਕਾ, ਓਕਲਾਹੋਮਾ, ਕਨਸਾਸ, ਮਿਸੂਰੀ ਤੇ ਲੋਵਾ ਵਿਚ ਆਮ ਲੋਕਾਂ ਨੂੰ ਤੂਫਾਨ ਤੋਂ ਚੌਕਸ ਰਹਿਣ ਲਈ ਕਿਹਾ ਗਿਆ ਹੈ। ਐਮਰਜੰਸੀ ਮੈਨਜਮੈਂਟ ਅਧਿਕਾਰੀਆਂ ਨੇ ਹੂਗਸ ਕਾਊਂਟੀ ਵਿਚ ਘੱਟੋ-ਘੱਟ 2 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਲੋਵਾ ਕਾਊਂਟੀ ਦੇ ਕਸਬੇ ਮੈਰੀਏਟਾ ਵਿਚ ਵੀ ਤੂਫਾਨ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ। ਡਿਕਸਨ ਕਾਊਂਟੀ ਜਿਥੇ 4 ਮਹੀਨੇ ਪਹਿਲਾਂ ਤੂਫਾਨ ਨੇ ਜ਼ਬਰਦਸਤ ਤਬਾਹੀ ਮਚਾਈ ਸੀ ਤੇ 125 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਸਨ, ਵਿਚ ਵੀ ਤਾਜ਼ਾ ਤੂਫਾਨ ਆਇਆ ਹੈ। ਮੌਸਮ ਵਿਭਾਗ ਨੇ ਸੋਸ਼ਲ ਮੀਡੀਆ ਉੁਪਰ ਅੱਧੀ ਰਾਤ ਵੇਲੇ ਦਿੱਤੀ ਚਿਤਾਵਨੀ ਵਿਚ ਕਿਹਾ ਹੈ ਕਿ ਹਾਲਾਤ ਬਹੁਤ ਗੰਭੀਰ ਹਨ, ਇਸ ਲਈ ਘਰਾਂ ਵਿਚ ਜਾਂ ਸੁਰੱਖਿਅਤ ਥਾਂ ‘ਤੇ ਪਨਾਹ ਲਈ ਜਾਵੇ। ਟੈਕਸਾਸ ਤੇ ਓਕਲਾਹੋਮਾ ਵਿਚ 80000 ਦੇ ਆਸ-ਪਾਸ ਘਰਾਂ ਤੇ ਕਾਰੋਬਾਰੀ ਅਦਾਰਿਆਂ ਵਿਚ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ, ਜਿਸ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਨੇਬਰਾਸਕਾ ਵਿਚ ਓਮਾਹਾ ਵਿਖੇ ਮੌਸਮ ਬਾਰੇ ਕੌਮੀ ਸੇਵਾ ਦਫਤਰ ਨੇ ਕਿਹਾ ਹੈ ਕਿ ਹੋਰ ਤੂਫਾਨ ਆ ਸਕਦੇ ਹਨ। ਸੋਸ਼ਲ ਮੀਡੀਆ ਉਪਰ ਦਿੱਤੀ ਚਿਤਾਵਨੀ ਵਿਚ ਕੌਮੀ ਸੇਵਾ ਦਫਤਰ ਨੇ ਕਿਹਾ ਹੈ ਕਿ ਬੇਹੱਦ ਗੰਭੀਰ ਤੂਫਾਨ ਆ ਸਕਦਾ ਹੈ। ਇਸ ਲਈ ਮੌਸਮ ਉਪਰ ਨਜ਼ਰ ਰੱਖੀ ਜਾਵੇ ਤੇ ਖਾਸ ਤੌਰ ‘ਤੇ ਜੇਕਰ ਤੁਸੀਂ ਘਰ ਤੋਂ ਬਾਹਰ ਹੋ, ਤਾਂ ਇਸ ਸਬੰਧੀ ਚੌਕਸੀ ਵਰਤਣੀ ਬਹੁਤ ਜ਼ਰੂਰੀ ਹੈ।