#AMERICA

ਅਮਰੀਕਾ ਦੇ ਓਹੀਓ ਰਾਜ ਵਿਚ ਸਕੂਲ ਬੱਸ ਨਾਲ ਮਿੰਨੀ ਵੈਨ ਟਕਰਾਈ, ਬੱਸ ਉਲਟੀ, ਇਕ ਵਿਦਿਆਰਥੀ ਦੀ ਮੌਤ, 23 ਜ਼ਖਮੀ

ਸੈਕਰਾਮੈਂਟੋ, 24 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹੀਓ ਰਾਜ ਵਿਚ ਇਕ ਮਿੰਨੀ ਵੈਨ ਸਕੂਲ ਬੱਸ ਨਾਲ ਟਕਰਾਅ ਜਾਣ ਦੀ ਖਬਰ ਹੈ ਜਿਸ ਦੇ ਸਿੱਟੇ ਵਜੋਂ ਇਕ ਐਲੀਮੈਂਟਰੀ ਵਿਦਿਆਰਥੀ ਦੀ ਮੌਤ ਹੋ ਗਈ ਤੇ 23 ਹੋਰ ਜ਼ਖਮੀ ਹੋ ਗਏ। ਓਹੀਓ ਸਟੇਟ ਹਾਈਵੇਅ ਗਸ਼ਤੀ ਦਲ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਇਹ ਹਾਦਸਾ ਜਰਮਨ ਟਾਊਨਸ਼ਿੱਪ ਓਹੀਓ ਵਿਚ ਸਟੇਟ ਰੂਟ 41 ਉਪਰ ਸਵੇਰ ਵੇਲੇ ਵਾਪਰਿਆ। ਮੁੱਢਲੀ ਜਾਂਚ ਵਿਚ ਕਿਹਾ ਗਿਆ ਹੈ ਕਿ ਨਾਰਥਵੈਸਟਰਨ ਲੋਕਲ ਸਕੂਲ ਡਿਸਟ੍ਰਿਕਟ ਦੀ ਬੱਸ ਨਾਲ ਹੌਂਡਾ ਓਡੀਸੀ ਗੱਡੀ ਸੈਂਟਰ ਲਾਈਨ ਪਾਰ ਕਰਕੇ ਟਕਰਾਅ ਗਈ ਜਿਸ ਉਪਰੰਤ ਬੱਸ ਸੜਕ ਤੋਂ ਉਤਰ ਕੇ ਉਲਟ ਗਈ। ਅਧਿਕਾਰੀਆਂ ਅਨੁਸਾਰ ਇਕ ਵਿਦਿਆਰਥੀ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ 23 ਹੋਰ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਉਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਬਿਆਨ ਅਨੁਸਾਰ ਬੱਸ ਦਾ ਡਰਾਈਵਰ ਮਾਮੂਲੀ ਜ਼ਖਮੀ ਹੋਇਆ ਹੈ। ਹੌਂਡਾ ਗੱਡੀ ਦਾ ਡਰਾਈਵਰ ਤੇ ਉਸ ਵਿਚ ਸਵਾਰ ਇਕ ਹੋਰ ਵਿਅਕਤੀ ਵੀ ਜ਼ਖਮੀ ਹੋਇਆ ਹੈ ਜਿਨਾਂ ਦੀ ਹਾਲਤ ਸਥਿੱਰ ਹੈ। ਸਕੂਲ ਬੱਸ ਵਿਚ 50 ਤੋਂ ਵਧ ਵਿਦਿਆਰਥੀ ਸਵਾਰ ਸਨ। ਸਕੂਲ ਡਿਸਟ੍ਰਿਕਟ ਨੇ ਇਕ ਤਾਜਾ ਬਿਆਨ ਵਿਚ ਐਲੀਮੈਂਟਰੀ ਵਿਦਿਆਰਥੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਾਪਿਆਂ ਨਾਲ ਹਮਦਰਦੀ ਪ੍ਰਗਟਾਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Leave a comment