#AMERICA

ਅਮਰੀਕਾ ਦੇ ਓਹਾਇਓ ਰਾਜ ਵਿਚ 2 ਸਾਲਾ ਬੱਚੇ ਨੇ ਆਪਣੀ ਗਰਭਵਤੀ ਮਾਂ ਦੇ ਮਾਰੀ ਗੋਲੀ, ਹੋਈ ਮੌਤ

ਸੈਕਰਾਮੈਂਟੋ, 25 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹੀਓ ਰਾਜ ਵਿਚ ਨੌਰਵਾਕ ਵਿਖੇ ਇਕ 2 ਸਾਲ ਦੇ ਲੜਕੇ ਵੱਲੋਂ ਆਪਣੀ ਗਰਭਵਤੀ ਮਾਂ ਦੀ ਪਿੱਠ ਵਿਚ ਗੋਲੀ ਮਾਰ ਦੇਣ ਦੀ ਖਬਰ ਹੈ। ਪੁਲਿਸ ਅਨੁਸਾਰ ਮਾਂ ਤੇ ਗਰਭ ਵਿਚਲੇ ਬੱਚੇ ਦੀ ਮੌਤ ਹੋ ਗਈ ਹੈ। ਨੌਰਵਾਕ ਪੁਲਿਸ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ ਪੁਲਿਸ ਨੂੰ ਇਕ 31 ਸਾਲਾ ਮਾਂ ਨੇ ਫੋਨ ਕਰਕੇ ਕਿਹਾ ਕਿ ਉਸ ਦੇ 2 ਸਾਲ ਦੇ ਲੜਕੇ ਨੇ ਉਸ ਦੇ ਪਿੱਛੇ ਗੋਲੀ ਮਾਰ ਦਿੱਤੀ ਹੈ। ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ 8 ਮਹੀਨੇ ਤੋਂ ਗਰਭਵਤੀ ਹੈ। ਬਿਆਨ ਅਨੁਸਾਰ ਪੁਲਿਸ ਘਰ ਦਾ ਦਰਵਾਜਾ ਜੋ ਬੰਦ ਸੀ, ਰਾਹੀਂ ਜਬਰਦਸਤੀ ਅੰਦਰ ਦਾਖਲ ਹੋਈ। ਪੁਲਿਸ ਅਨੁਸਾਰ ਮਾਂ ਤੇ ਪੁੱਤਰ ਮਾਸਟਰ ਬੈੱਡ ਰੂਮ ਸਨ ਤੇ ਨੇੜੇ ਹੀ ਪਿਸਤੌਲ ਪਿਆ ਸੀ। ਉਸ ਸਮੇ ਮਾਂ ਪੂਰੀ ਹੋਸ਼ ਵਿਚ ਸੀ ਤੇ ਉਸ ਨੇ ਪੁਲਿਸ ਅਫਸਰਾਂ ਨੂੰ ਪੂਰੀ ਘਟਨਾ ਦਾ ਵੇਰਵਾ ਦਿੱਤਾ। ਉਸ ਦਾ 28 ਸਾਲਾ ਪਤੀ ਵੀ ਉਸ ਸਮੇ ਘਰ ਪਹੁੰਚ ਗਿਆ ਸੀ। ਮਾਂ ਨੂੰ ਮੈਡੀਕਲ ਸੈਂਟਰ ਲਿਜਾਇਆ ਗਿਆ ਜਿਥੇ ਥੋਹੜੀ ਦੇਰ ਬਾਅਦ ਮਾਂ ਤੇ ਗਰਭ ਵਿਚਲੇ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ ਤੇ ਅਜੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।

Leave a comment