#OTHERS

ਅਮਰੀਕਾ ਦੇ ਇਸ਼ਾਰੇ ‘ਤੇ ਇਮਰਾਨ ਖਾਨ ਨੂੰ ਸੱਤਾ ਤੋਂ ਕੀਤਾ ਗਿਆ ਬਾਹਰ!

– ਗੁਪਤ ਦਸਤਾਵੇਜ਼ ‘ਚ ਖੁਲਾਸਾ: ਅਮਰੀਕਾ ਨੇ ਦੋਸ਼ ਨਕਾਰੇ
ਇਸਲਾਮਾਬਾਦ, 14 ਅਗਸਤ (ਪੰਜਾਬ ਮੇਲ)-  ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਤਾ ਤੋਂ ਹਟਾਉਣ ਵਿਚ ਅਮਰੀਕਾ ਦਾ ਹੱਥ ਸੀ? ਮੀਡੀਆ ਹਾਊਸ ਇੰਟਰਸੈਪਟ ਨੂੰ ਮਿਲੇ ਇਕ ਗੁਪਤ ਦਸਤਾਵੇਜ਼ ਤੋਂ ਇਹ ਖੁਲਾਸਾ ਹੋਇਆ ਹੈ। ਇਸ ਵਿਚ ਪਾਕਿਸਤਾਨੀ ਰਾਜਦੂਤ ਅਤੇ ਅਮਰੀਕੀ ਵਿਦੇਸ਼ ਵਿਭਾਗ ਦੇ ਦੋ ਅਧਿਕਾਰੀਆਂ ਵਿਚਕਾਰ 7 ਮਾਰਚ 2022 ਨੂੰ ਹੋਈ ਮੀਟਿੰਗ ਦਾ ਜ਼ਿਕਰ ਹੈ।
ਇਸ ਬੈਠਕ ‘ਚ ਰੂਸ-ਯੂਕਰੇਨ ਯੁੱਧ ‘ਤੇ ਨਿਰਪੱਖ ਰਹਿਣ ਲਈ ਇਮਰਾਨ ਖਾਨ ਨੂੰ ਹਟਾਉਣ ‘ਤੇ ਗੱਲਬਾਤ ਹੋਈ। ਰਿਪੋਰਟ ਮੁਤਾਬਕ ਇਕ ਅਮਰੀਕੀ ਅਧਿਕਾਰੀ ਨੇ ਕਿਹਾ ਸੀ- ਇਮਰਾਨ ਸਰਕਾਰ ਖਿਲਾਫ ਬੇਭਰੋਸਗੀ ਮਤਾ ਪਾਸ ਹੋਣ ‘ਤੇ ਸਭ ਨੂੰ ਮੁਆਫ ਕਰ ਦਿੱਤਾ ਜਾਵੇਗਾ। ਇੰਟਰਸੈਪਟ ਨੇ ਲਿਖਿਆ ਹੈ ਕਿ ਅਮਰੀਕੀ ਅਧਿਕਾਰੀਆਂ ਦੀ ਗੱਲਬਾਤ ਤੋਂ ਇਕ ਮਹੀਨੇ ਬਾਅਦ ਹੀ ਇਮਰਾਨ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਗਿਆ ਸੀ।
ਮੀਡੀਆ ਹਾਊਸ ਇੰਟਰਸੈਪਟ ‘ਚ ਛਪੀ ਰਿਪੋਰਟ ਮੁਤਾਬਕ ਦੱਖਣੀ ਅਤੇ ਮੱਧ ਏਸ਼ੀਆ ਲਈ ਅਮਰੀਕਾ ਦੇ ਸਹਾਇਕ ਸਕੱਤਰ ਡੋਨਾਲਡ ਲੂ ਰੂਸ-ਯੂਕਰੇਨ ਯੁੱਧ ‘ਚ ਪਾਕਿਸਤਾਨ ਦੀ ਨਿਰਪੱਖਤਾ ਤੋਂ ਨਾਰਾਜ਼ ਸਨ। ਦਸਤਾਵੇਜ਼ ਦੇ ਅਨੁਸਾਰ, ਲੂ ਨੇ ਕਿਹਾ ਸੀ, ਅਮਰੀਕਾ ਅਤੇ ਯੂਰਪ ਦੇ ਲੋਕ ਰੂਸ-ਯੂਕਰੇਨ ਯੁੱਧ ਵਿਚ ਪਾਕਿਸਤਾਨ ਦੀ ਨਿਰਪੱਖਤਾ ਨੂੰ ਲੈ ਕੇ ਹੈਰਾਨ ਹਨ।
ਲੂ ਨੇ ਯੁੱਧ ਦੇ ਦਿਨ ਇਮਰਾਨ ਖਾਨ ਦੇ ਰੂਸ ਦੌਰੇ ਦਾ ਜ਼ਿਕਰ ਕੀਤਾ। ਉਸ ਨੇ ਕਿਹਾ ਸੀ ਕਿ ਮਾਸਕੋ ਦਾ ਦੌਰਾ ਯੁੱਧ ਵਿਚ ਉਸ ਦੇ (ਇਮਰਾਨ ਦੇ) ਸਟੈਂਡ ਨੂੰ ਪ੍ਰਗਟ ਕਰਦਾ ਜਾਪਦਾ ਹੈ। ਡੋਨਾਲਡ ਲੂ ਨੇ ਅਮਰੀਕਾ ‘ਚ ਪਾਕਿਸਤਾਨ ਦੇ ਰਾਜਦੂਤ ਨੂੰ ਕਿਹਾ ਸੀ, ਇਸ ਨਾਲ ਦੋਹਾਂ ਦੇਸ਼ਾਂ ਦੇ ਸਬੰਧਾਂ ‘ਤੇ ਬੁਰਾ ਪ੍ਰਭਾਵ ਪਿਆ ਹੈ। ਪਾਕਿਸਤਾਨ ‘ਚ ਸਿਆਸੀ ਸਥਿਤੀ ‘ਚ ਬਦਲਾਅ ਨਾਲ ਸਾਡੇ ਰਿਸ਼ਤੇ ਜਲਦੀ ਹੀ ਬਹਾਲ ਹੋ ਸਕਦੇ ਹਨ। ਅਮਰੀਕੀ ਵਿਦੇਸ਼ ਵਿਭਾਗ ਅਤੇ ਪਾਕਿਸਤਾਨੀ ਰਾਜਦੂਤ ਦੀ ਮੀਟਿੰਗ ਦੀ ਪਾਕਿਸਤਾਨ ਨੂੰ ਇੱਕ ਕੇਬਲ ਭੇਜੀ ਗਈ ਸੀ, ਇਸਦਾ ਕੋਡਨੇਮ ਸਾਈਫਰ ਸੀ।
ਅਮਰੀਕਾ ਨੇ ਇਮਰਾਨ ਨੂੰ ਸੱਤਾ ਤੋਂ ਹਟਾਏ ਜਾਣ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਸਾਰੀਆਂ ਰਿਪੋਰਟਾਂ ਨੂੰ ਝੂਠ ਦੱਸਿਆ ਹੈ। ਉਨ੍ਹਾਂ ਕਿਹਾ, ਅਸੀਂ ਯੁੱਧ ਦੇ ਪਹਿਲੇ ਦਿਨ ਇਮਰਾਨ ਖਾਨ ਦੇ ਮਾਸਕੋ ਜਾਣ ‘ਤੇ ਚਿੰਤਾ ਜ਼ਾਹਰ ਕੀਤੀ ਸੀ। ਅਸੀਂ ਜਨਤਕ ਅਤੇ ਨਿੱਜੀ ਗੱਲਬਾਤ ਵਿਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਪਿਛਲੇ ਸਾਲ ਇਮਰਾਨ ਖਾਨ ਨੇ ਵੀ ਅਮਰੀਕਾ ‘ਤੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਬਾਅਦ ‘ਚ ਉਹ ਆਪਣਾ ਬਿਆਨ ਵਾਪਸ ਲੈ ਲਿਆ। ਯੁੱਧ ‘ਚ ਨਿਰਪੱਖ ਰਹਿਣ ‘ਤੇ ਪੱਛਮੀ ਦੇਸ਼ਾਂ ਦੀ ਆਲੋਚਨਾ ‘ਤੇ ਇਮਰਾਨ ਖਾਨ ਨੇ ਰੈਲੀ ‘ਚ ਕਿਹਾ, ਕੀ ਅਸੀਂ ਤੁਹਾਡੇ ਗੁਲਾਮ ਹਾਂ, ਤੁਸੀਂ ਕੀ ਸੋਚਦੇ ਹੋ, ਅਸੀਂ ਉਹੀ ਕਰਾਂਗੇ ਜੋ ਤੁਸੀਂ ਸਾਨੂੰ ਕਹੋਗੇ।

Leave a comment