ਸੈਕਰਾਮੈਂਟੋ, 19 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਇਲੀਨੋਇਸ ਰਾਜ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਹਾਈ ਸਕੂਲ ਦੇ 4 ਵਿਦਿਆਰਥੀਆਂ ਦੀ ਮੌਤ ਹੋ ਗਈ ਜਦ ਕਿ 3 ਹੋਰ ਜਖਮੀ ਹੋ ਗਏ। ਜਖਮੀਆਂ ਵਿਚ ਇਕ ਵਿਦਿਆਰਥੀ ਵੀ ਸ਼ਾਮਿਲ ਹੈ। ਹਾਦਸੇ ਵਿਚ 3 ਕਾਰਾਂ ਆਪਸ ਵਿਚ ਟਕਰਾ ਗਈਆਂ। ਵੀਲਿੰਗ ਪੁਲਿਸ ਵਿਭਾਗ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਹਾਦਸਾ ਸਥਾਨਕ ਸਮੇ ਅਨੁਸਾਰ ਰਾਤ 10 ਵਜੇ ਦੇ ਕਰੀਬ ਵੀਲਿੰਗ ਪਿੰਡ ਨੇੜੇ ਵਾਪਿਰਆ ਤੇ ਮਾਰੇ ਗਏ ਸਾਰੇ ਵਿਦਿਆਰਥੀਆਂ ਦੀ ਉਮਰ 16 ਤੋਂ 18 ਸਾਲਾਂ ਦੇ ਦਰਮਿਆਨ ਸੀ । ਉਹ ਬੁਫੈਲੋ ਗਰੋਵ ਹਾਈ ਸਕੂਲ ਦੇ ਵਿਦਿਆਰਥੀ ਸਨ।
ਪੁਲਿਸ ਅਨੁਸਾਰ ਮੁੱਢਲੇ ਤੌਰ ‘ਤੇ ਲੱਗਦਾ ਹੈ ਕਿ ਹਾਦਸਾ ਟਰੈਫਿਕ ਸਿੰਗਨਲ ਦੀ ਉਲੰਘਣਾ ਤੇ ਤੇਜ ਰਫਤਾਰ ਕਾਰਨ ਵਾਪਰਿਆ। ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਰਿਕੀ ਬਰਸੇਨਸ, ਰਿਚਰਡ ਡੀ ਲਟਾ, ਕੈਵਿਨ ਆਰ ਹਰਨੰਡਜ਼ ਟੈਰਨ ਤੇ ਜੀਸਸ ਰੌਡਰਿਗਜ਼ ਵਜੋਂ ਹੋਈ ਹੈ। ਸਕੂਲ ਡਿਸਟ੍ਰਿਕਟ ਦੇ ਬੁਲਾਰੇ ਬੀਬੀ ਸਟੈਫਨੀ ਕਿਮ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਦੁੱਖ ਦੀ ਘੜੀ ਵਿਚ ਉਹ ਪੀੜਤ ਪਰਿਵਾਰਾਂ ਤੇ ਉਨਾਂ ਦੇ ਮਿੱਤਰਾਂ ਦੋਸਤਾਂ ਨਾਲ ਖੜੇ ਹਨ।