#AMERICA

ਅਮਰੀਕਾ ਦੇ ਇਲੀਨੋਇਸ ਰਾਜ ‘ਚ ਚਾਕੂ ਨਾਲ ਕੀਤੇ ਹਮਲੇ ‘ਚ ਇਕ 6 ਸਾਲਾ ਮੁਸਲਮਾਨ ਬੱਚੇ ਦੀ ਹੱਤਿਆ

– ਮਾਂ ਗੰਭੀਰ ਜ਼ਖਮੀ; – ਹੱਤਿਆ ਤੇ ਨਫਰਤੀ ਅਪਰਾਧ ਦੇ ਦੋਸ਼ਾਂ ਤਹਿਤ ਲੈਂਡਲਾਰਡ ਗ੍ਰਿਫਤਾਰ
ਸੈਕਰਾਮੈਂਟੋ, 18 ਅਕਤੂਬਰ (ਹੁਸਨ ਲੜੋਆ ਬੰਗਾ/ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਇਲੀਨੋਇਸ ਰਾਜ ਦੇ ਸ਼ਿਕਾਗੋ ਖੇਤਰ ਵਿਚ ਇਕ ਲੈਂਡਲਾਰਡ ਵੱਲੋਂ ਇਕ ਫਲਸਤੀਨੀ-ਅਮਰੀਕੀ ਬੱਚੇ ਦੀ ਹੱਤਿਆ ਕਰਨ ਤੇ ਉਸ ਦੀ ਮਾਂ ਨੂੰ ਜ਼ਖਮੀ ਕਰ ਦੇਣ ਦੀ ਖਬਰ ਹੈ। ਇਲੀਨੋਇਸ ਪੁਲਿਸ ਅਨੁਸਾਰ 71 ਸਾਲਾ ਸ਼ੱਕੀ ਜੋਸਫ ਜ਼ੂਬਾ ਨੂੰ ਹੱਤਿਆ ਤੇ ਨਫਰਤੀ ਅਪਰਾਧ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਘਟਨਾ ਨੂੰ ਇਜ਼ਰਾਈਲ-ਹਮਾਸ ਜੰਗ ਨਾਲ ਜੋੜਿਆ ਹੈ। ਪੁਲਿਸ ਅਨੁਸਾਰ ਸ਼ਿਕਾਗੋ ਦੇ ਬਾਹਰਵਾਰ ਪਲੇਨਫੀਲਡ ਟਾਊਨਸ਼ਿੱਪ ਵਿਚ ਸਵੇਰ ਵੇਲੇ ਵਾਪਰੀ ਇਸ ਦੁੱਖਦਾਈ ਘਟਨਾ ਵਿਚ ਸ਼ੱਕੀ ਦੋਸ਼ੀ ਵੱਲੋਂ 6 ਸਾਲਾ ਬੱਚੇ ਵਾਡੀਆ ਅਲ-ਫਾਯੂਮ ਦੇ ਚਾਕੂ ਨਾਲ 26 ਵਾਰ ਹਮਲਾ ਕੀਤਾ ਗਿਆ, ਜਦਕਿ ਉਸ ਦੀ ਮਾਂ ਹਨਾਨ ਸ਼ਾਹੀਨ ਦੇ 12 ਤੋਂ ਵਧ ਵਾਰ ਚਾਕੂ ਮਾਰਿਆ ਗਿਆ। ਵਿਲ ਕਾਊਂਟੀ ਸ਼ੈਰਿਫ ਦਫਤਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜਾਂਚਕਾਰ ਇਹ ਪੁਸ਼ਟੀ ਕਰਨ ਵਿਚ ਸਫਲ ਹੋਏ ਹਨ ਕਿ ਇਹ ਘਟਨਾ ਪੀੜਤਾਂ ਦੇ ਮੁਸਲਮਾਨ ਹੋਣ ਤੇ ਚੱਲ ਰਹੇ ਮੱਧ ਪੂਰਬ ਟਕਰਾਅ ਜਿਸ ਵਿਚ ਹਮਾਸ ਤੇ ਇਜ਼ਰਾਈਲ ਸ਼ਾਮਿਲ ਹੈ, ਕਾਰਨ ਵਾਪਰੀ ਹੈ।

ਸ਼ੱਕੀ ਦੋਸ਼ੀ ਜੋਸਫ ਜ਼ੂਬਾ।

ਮ੍ਰਿਤਕ ਬੱਚੇ ਦੇ ਪਿਤਾ ਨੇ ਆਪਣੇ ਪੁੱਤਰ ਤੇ ਮਾਂ ਦੇ ਫਲਸਤੀਨੀ ਹੋਣ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਅਨੁਸਾਰ ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਸ਼ੱਕੀ ਦੋਸ਼ੀ ਜੋਸਫ ਜ਼ੂਬਾ ਆਪਣੇ ਘਰ ਨੇੜੇ ਜਮੀਨ ਉਪਰ ਬੈਠਾ ਸੀ ਤੇ ਮੌਕੇ ਤੋਂ ਇਕ ਫੌਜੀ ਕਿਸਮ ਦਾ ਚਾਕੂ ਬਰਾਮਦ ਹੋਇਆ ਹੈ। ਇਕ ਕਮਰੇ ਵਿਚੋਂ ਮਿਲੇ ਮਾਂ ਤੇ ਪੁੱਤਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਬੱਚਾ ਦਮ ਤੋੜ ਗਿਆ। ਸ਼ੈਰਿਫ ਦਫਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਜ਼ੂਬਾ ਵਿਰੁੱਧ ਪਹਿਲਾ ਦਰਜ ਕਤਲ, ਪਹਿਲਾ ਦਰਜਾ ਕਤਲ ਦੀ ਕੋਸ਼ਿਸ਼, ਨਫਰਤੀ ਅਪਰਾਧ ਤੇ ਖਤਰਨਾਕ ਹਥਿਆਰ ਦੀ ਵਰਤੋਂ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।

 

 

Leave a comment