* ਸ਼ੱਕੀ ਦੋਸ਼ੀ 14 ਸਾਲਾ ਵਿਦਿਆਰਥੀ ਗ੍ਰਿਫਤਾਰ
ਸੈਕਰਾਮੈਂਟੋ, ਕੈਲੀਫੋਰਨੀਆ, 6 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਜਾਰਜੀਆ ਰਾਜ ਦੇ ਇਕ ਹਾਈ ਸਕੂਲ ਵਿਚ ਹੋਈ ਗੋਲੀਬਾਰੀ ਵਿਚ 4 ਜਣਿਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਅਨੁਸਾਰ ਗੋਲੀਬਾਰੀ ਵਿਚ ਜ਼ਖਮੀ ਹੋਏ 8 ਵਿਦਿਆਰਥੀਆਂ ਤੇ ਇਕ ਅਧਿਆਪਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜੀ ਬੀ ਆਈ ਦੇ ਡਾਇਰੈਕਟਰ ਕ੍ਰਿਸ ਹੋਸੀ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਮ੍ਰਿਤਕਾਂ ਵਿਚ 2 ਵਿਦਿਆਰਥੀ ਤੇ 2 ਅਧਿਆਪਕ ਸ਼ਾਮਿਲ ਹਨ। ਉਨਾਂ ਕਿਹਾ ਕਿ ਸ਼ੱਕੀ ਦੋਸ਼ੀ 14 ਸਾਲਾ ਕੋਲਟ ਗਰੇਅ ਵੀ ਵਿਦਿਆਰਥੀ ਹੈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਵਿਰੁੱਧ ਹੱਤਿਆਵਾਂ ਦੇ ਦੋਸ਼ ਆਇਦ ਕੀਤੇ ਗਏ ਹਨ। ਹੋਸੀ ਨੇ ਕਿਹਾ ਹੈ ਕਿ ਅਪਾਲਾਚੀ ਹਾਈ ਸਕੂਲ, ਵਿੰਡਰ ਜਾਰਜੀਆ ਵਿਚ ਸਵੇਰੇ 10.20 ਵਜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲਣ ‘ਤੇ ਕੁਝ ਮਿੰਟਾਂ ਵਿਚ ਹੀ ਪੁਲਿਸ ਅਫਸਰ ਮੌਕੇ ‘ਤੇ ਪੁੱਜ ਗਏ ਸਨ। ਉਨਾਂ ਵੱਲੋਂ ਸ਼ੱਕੀ ਹਮਲਾਵਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤੋਂ ਪਹਿਲਾਂ ਹੀ ਸ਼ੱਕੀ ਨੇ ਆਤਮ ਸਮਰਪਣ ਕਰ ਦਿੱਤਾ ਜਿਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਬੈਰੋਅ ਕਾਊਂਟੀ ਸ਼ੈਰਿਫ ਜੂਡ ਸਮਿੱਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਨੂੰ ਸ਼ੱਕੀ ਸ਼ੂਟਰ ਤੇ ਮ੍ਰਿਤਕਾਂ ਵਿਚਾਲੇ ਕੋਈ ਸਬੰਧ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨਾਂ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਘਟਨਾ ਹੈ ਜਿਸ ਦੀ ਤਵਕੋਂ ਨਹੀਂ ਕੀਤੀ ਜਾ ਸਕਦੀ। ਰਾਸ਼ਟਰਪਤੀ ਜੋ ਬਾਈਡਨ ਤੇ ਫਸਟ ਲੇਡੀ ਜਿਲ ਬਾਈਡਨ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਾਂਗਰਸ ਕੋਲੋਂ ਮੰਗ ਕੀਤੀ ਹੈ ਕਿ ਉਹ ਗੰਨ ਕੋਟਰੋਲ ਕਾਨੂੰਨ ਬਣਾਉਣ ਵੱਲ ਕਦਮ ਚੁੱਕੇ। ਰਾਸ਼ਟਰਪਤੀ ਨੇ ਕਿਹਾ ਹੈ ਕਿ ”ਦੇਸ਼ ਭਰ ਵਿਚ ਵਿਦਿਆਰਥੀ ਪੜਨ ਤੇ ਲਿਖਣ ਦੀ ਬਜਾਏ ਆਪਣੇ ਆਪ ਨੂੰ ਗੋਲੀਆਂ ਤੋਂ ਬਚਾਉਣ ਬਾਰੇ ਸਿੱਖ ਰਹੇ ਹਨ । ਅਸੀਂ ਇਸ ਨੂੰ ਕਿਸ ਤਰਾਂ ਇਕ ਆਮ ਵਰਤਾਰੇ ਵਜੋਂ ਲੈ ਸਕਦੇ ਹਾਂ। ਇਸ ਨੂੰ ਰੋਕਣਾ ਹੀ ਪਵੇਗਾ।”