#AMERICA

ਅਮਰੀਕਾ ਦੇ ਇਕ ਨਾਈਟ ਕਲੱਬ ਵਿਚ ਹੋਈ ਲੜਾਈ ਵਿੱਚ 8 ਜ਼ਖਮੀ, 2 ਦੀ ਹਾਲਤ ਗੰਭੀਰ

ਸੈਕਰਾਮੈਂਟੋ, 27 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ) -ਅਮਰੀਕਾ ਵਿਚ ਓਕਲਾਹੋਮਾ ਰਾਜ ਦੇ ਇਕ ਸ਼ਹਿਰ ਦੇ ਨਾਈਟ ਕਲੱਬ ਵਿਚ ਹੋਈ ਜਬਰਦਸਤ ਲੜਾਈ ਵਿਚ 8 ਵਿਅਕਤੀ ਜ਼ਖਮੀ ਹੋ ਗਏ ਜਿਨਾਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਇਹ ਜਾਣਕਾਰੀ ਓਕਲਾਹੋਮਾ ਦੇ ਪੁਲਿਸ ਵਿਭਾਗ ਨੇ ਦਿੱਤੀ ਹੈ। ਇਹ ਘਟਨਾ ਬਰਿਕਟਾਊਨ ਡਿਸਟ੍ਰਿਕਟ ਦੇ ਨਾਈਟ ਕਲੱਬ ਵਿਚ ਵਾਪਰੀ। ਲੜਾਈ ਵਿਚ ਚਾਕੂਆਂ ਤੇ ਡੰਡਿਆਂ ਦੀ ਖੁਲ ਕੇ ਵਰਤੋਂ ਕੀਤੀ ਗਈ ਤੇ ਕਲੱਬ ਵਿਚ ਚੀਕਚਿਹਾੜਾ ਪੈ ਗਿਆ। ਪੁਲਿਸ ਮੌਕੇ ਉਪਰ ਪੁੱਜੀ ਤਾਂ ਦੋ ਲੋਕ ਗੰਭੀਰ ਜ਼ਖਮੀ ਹਾਲਤ ਵਿਚ ਸਨ ਜਿਨਾਂ ਦੇ ਛੁਰਿਆਂ ਦੇ ਜ਼ਖਮ ਸਨ। ਉਨਾਂ ਦੇ ਖੂਨ ਵਹਿ ਰਿਹਾ ਸੀ। ਖੂਨ ਬੰਦ ਕਰਨ ਲਈ ਉਨਾਂ ਨੂੰ ਮੌਕੇ ਉਪਰ ਮੁੱਢਲੀ ਸਹਾਇਤਾ ਦਿੱਤੀ ਗਈ ਬਾਅਦ ਵਿਚ ਉਨਾਂ ਨੂੰ ਹਸਪਤਾਲ ਵਿੱਚ ਭੇਜਿਆ ਗਿਆ। ਕਲੱਬ ਦੇ ਬਾਹਰ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਤੇ ਪੁਲਿਸ ਅਫਸਰ ਤਾਇਨਾਤ ਕਰ ਦਿੱਤੇ ਗਏ ਹਨ। ਪੁਲਿਸ ਅਨੁਸਾਰ ਅਜੇ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਤੇ ਨਾ ਹੀ ਲੜਾਈ ਦਾ ਕਾਰਨ ਸਪੱਸ਼ਟ ਹੋ ਸਕਿਆ ਹੈ।

Leave a comment