13.2 C
Sacramento
Thursday, June 1, 2023
spot_img

ਅਮਰੀਕਾ ਦੀ ਯੁਨੀਵਰਸਿਟੀ ਵਿੱਚ ਮਨਾਈ ਗਈ ਵਿਸਾਖੀ, ਸਜਾਈਆਂ ਗਈਆਂ ਦਸਤਾਰਾਂ

ਯੁਨੀਵਰਸਿਟੀ ਵਿਖੇ “ਬਰਥ ਆਫ ਖਾਲਸਾ ਐਂਡ ਹਾਰਵੈਸਟ ਫੈਸਟੀਵਲ, ਵਿਸਾਖੀ” ਪ੍ਰੋਗਰਾਮ ਦਾ ਆਯੋਜਨ
ਸੈਕਰਾਮੈਂਟੋ, 5 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਖਾਲਸਾ ਸਾਜਨਾ ਦਿਵਸ ਅਤੇ ਵਾਢੀ ਦੇ ਤਿਉਹਾਰ (ਹਾਰਵੈਸਟ ਫੈਸਟੀਵਲ) ਨੁੰ ਸਮਰਪਿਤ ਵਿਸਾਖੀ ਅਮਰੀਕਾ ਦੇ ਓਹਾਈਓ ਸੂਬੇ ਦੇ ਸ਼ਹਿਰ ਡੇਟਨ ਸਥਿਤ ਰਾਈਟ ਸਟੇਟ ਯੁਨੀਵਰਸਟੀ ਵਿਖੇ ਮਨਾਈ ਗਈ। ਇਹ ਪ੍ਰੋਗਰਾਮ ਯੁਨੀਵਰਸਿਟੀ ਦੇ ਮੌਜੂਦਾ ਅਤੇ ਸਾਬਕਾ ਸਿੱਖ ਵਿਦਿਆਰਥੀਆਂ, ਏਸ਼ੀਅਨ ਸਟੁਡੈਂਟ ਐਸੋਸੀਏਸ਼ਨ (ਏਐਸਏ), ਯੂਨੀਵਰਸਿਟੀ ਸੈਂਟਰ ਆਫ ਇੰਟਰਨੈਸ਼ਨਲ ਐਜੂਕੇਸ਼ਨ (ਯੂ.ਸੀ.ਆਈ.ਈ.) ਅਤੇ ਸਿੱਖ ਸੋਸਾਇਟੀ ਆਫ ਡੇਟਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਮੌਕੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ, ਸਿੱਖ ਇਤਿਹਾਸ, ਸਿੱਖ ਸਮਾਜ ਵਿਚ ਔਰਤ ਦਾ ਸਥਾਨ, ਸੇਵਾ ਦਾ ਸੰਕਲਪ, ਵਿਆਹ ਸ਼ਾਦੀ ਤੇ ਤਿਉਹਾਰਾਂ ਨੂੰ ਦਰਸਾਉਂਦੀ ਹੋਈ ਇਕ ਪ੍ਰਦਰਸ਼ਨੀ ਲਗਾਈ ਗਈ। ਇਸ ਵਿਚ ਤਸਵੀਰਾਂ ਤੇ ਪੋਸਟਰਾਂ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਸੰਬੰਧਤ ਪੁਸਤਕਾਂ, ਕੜੇ, ਹਰਮੋਨੀਅਮ, ਰਬਾਬ ਆਦਿ ਦੀ ਵੀ ਨੁਮਾਇਸ਼ ਕੀਤੀ ਗਈ। ਦਰਸ਼ਕਾਂ ਨੇ ਭਾਈ ਘਨੱਈਆ, ਸਿੱਖ ਯੋਧਿਆਂ ਅਤੇ ਪਗੜੀਆਂ ਦੇ ਵਿਭਿੰਨ ਸਰੂਪਾਂ ਦੀਆਂ ਤਸਵੀਰਾਂ ਨੂੰ ਸਭ ਤੋਂ ਜਿਆਦਾ ਪਸੰਦ ਕੀਤਾ।
ਸਮਾਗਮ ਦਾ ਇੱਕ ਹੋਰ ਮੁੱਖ ਆਕਰਸ਼ਨ ਮਹਿਮਾਨਾਂ ਲਈ ਦਸਤਾਰ ਸਜਾਉਣ ਦਾ ਸੈਸ਼ਨ ਸੀ। ਵੱਡੀ ਗਿਣਤੀ ਵਿੱਚ ਮਹਿਮਾਨਾਂ ਨੇ ਦਸਤਾਰ ਬੰਨਣ ਦਾ ਅਨੁਭਵ ਕੀਤਾ। ਉਹਨਾਂ ਨੂੰ ਸਿੱਖ ਵਿਦਿਆਰਥੀਆਂ ਅਤੇ ਡੇਟਨ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ। ਦਸਤਾਰ ਸਜਾਉਣ ਤੋਂ ਬਾਅਦ ਵਿਦਿਆਰਥੀ ਬਹੁਤ ਹੀ ਮਾਨ ਮਹਿਸੂਸ ਕਰ ਰਹੇ ਸਨ ਅਤੇ ਯੂਨੀਵਰਸਿਟੀ ਵਿੱਚ ਦਸਤਾਰ ਸਜਾ ਕੇ ਘੁੰਮਦੇ ਰਹੇ। ਉਹਨਾਂ ਇਸ ਦੀ ਮਹੱਤਤਾ, ਵੱਖ-ਵੱਖ ਰੰਗਾਂ ਅਤੇ ਦਸਤਾਰ ਬੰਨਣ ਦੇ ਵੱਖ-ਵੱਖ ਸਟਾਈਲ ਆਦਿ ਬਾਰੇ ਕਈ ਦਿਲਚਸਪ ਸਵਾਲ ਵੀ ਪੁੱਛੇ।
ਸਮਾਗਮ ਦੇ ਮੁੱਖ ਬੁਲਾਰੇ ਅਸੀਸ ਕੌਰ ਨੇ ਸਿੱਖ ਧਰਮ, ਵਿਸਾਖੀ ਦੀ ਮਹੱਤਤਾ ਅਤੇ ਖਾਲਸੇ ਦੇ ਸਾਜਨਾ ਸੰਬੰਧੀ ਸੰਖੇਪ ਵਿੱਚ ਆਏ ਹੋਏ ਮਹਿਮਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ, ਕਮਿਊਨਿਟੀ ਕਾਰਕੂਨ, ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰਨਾਂ ਆਏ ਹੋਏ ਮਹਿਮਾਨਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਅਤੇ ਸਿੱਖ ਸਭਿਆਚਾਰ ਦੇ ਗੋਰਵ ਮਈ ਵਿਰਸੇ ਤੋਂ ਜਾਣੂ ਕਰਾਉਣਾ ਸੀ।
ਏਐਸਏ ਦੇ ਪ੍ਰਧਾਨ ਰਿਆਨ ਡਿਆਜ਼ ਅਤੇ ਯੂ.ਸੀ.ਆਈ.ਈ. ਦੇ ਪ੍ਰੋਗਰਾਮ ਕੋਆਰਡੀਨੇਟਰ ਜੇਸੀ ਮਾਕੋਵਸਕੀ, ਨੇ ਇਸ ਸਮਾਗਮ ਦੇ ਆਯੋਜਨ ‘ਤੇ ਪ੍ਰਸ਼ੰਸਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਮਾਗਮ ਨੇ ਯੁਨੀਵਰਸਿਟੀ ਦੇ ਭਾਈਚਾਰੇ ਨੂੰ ਸਿੱਖ ਧਰਮ ਬਾਰੇ ਡੂੰਘੀ ਸਮਝ ਪ੍ਰਾਪਤ ਕਰਨ ਅਤੇ ਸਾਡੇ ਅਮਰੀਕਾ ਦੇ ਵੱਖਵੱਖ ਭਾਈਚਾਰਿਆਂ ਦੀ ਸੱਭਿਆਚਾਰਕ ਅਮੀਰੀ ਨੂੰ ਯਾਦ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਪ੍ਰੌਗਰਾਮ ਨੂੰ ਆਯੋਜਤ ਕਰਨ ਵਿੱਚ ਮੁੱਖ ਭੁਮਿਕਾ ਨਿਭਾਉਣ ਵਾਲੇ ਵਿਦਿਆਰਥੀ ਹਰਸ਼ਦੀਪ ਸਿੰਘ ਅਤੇ ਹਰਰੂਪ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ।
ਅਮਰੀਕਾ ਦੀ ਫੌਜ ਵਿੱਚ ਭਰਤੀ ਹੋਣ ਵਾਲੇ ਯੁਨੀਵਰਸਿਟੀ ਦੇ ਵਿਦਿਆਰਥੀ ਗੁਰਵੀਰ ਸਿੰਘ ਨੇ ਕੇਸ ਅਤੇ ਦਸਤਾਰ ਸਜਾ ਕੇ ਆਪਣੇ ਧਰਮ ਅਤੇ ਦੇਸ਼ ਦੋਵਾਂ ਦੀ ਸੇਵਾ ਕਰਨ ਲਈ ਅਮਰੀਕਾ ਦਾ ਧੰਨਵਾਦ ਕੀਤਾ। ਸਿੱਖ ਸੁਸਾਇਟੀ ਆਫ ਡੇਟਨ ਸੇਵਾਦਾਰ ਕਮੇਟੀ ਦੇ ਸਕੱਤਰ ਪਿਆਰਾ ਸਿੰਘ ਸੈਂਭੀ ਨੇ ਸਿੱਖ ਵਿਦਿਆਰਥੀਆਂ ਨੂੰ ਇਸ ਸਮਾਗਮ ਦੀ ਮੇਜ਼ਬਾਨੀ ਲਈ ਵਧਾਈ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਨੂੰ ਡੇਟਨ ਗੁਰਦੁਆਰਾ ਸਾਹਿਬ ਵਿਖੇ ਆਉਣ ਦਾ ਸੱਦਾ ਦਿੱਤਾ।

 

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles