* 200 ਅਧਿਕਾਰੀ ਤੇ 15 ਏਜੰਸੀਆਂ ਭਾਲ ਵਿਚ ਜੁੱਟੀਆਂ
ਸੈਕਰਾਮੈਂਟੋ, 16 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)–ਅਮਰੀਕਾ ਦੇ ਰਾਜ ਉਤਰ ਪੱਛਮੀ ਪੈਨਸਿਲਵਾਨੀਆ ਦੀ ਇਕ ਜੇਲ ਵਿਚੋਂ ਫਰਾਰ ਹੋਇਆ ਮਾਈਕਲ ਬੁਰਹਮ ਨਾਮੀ ਕੈਦੀ ਹਫਤੇ ਬਾਅਦ ਵੀ ਪੁਲਿਸ ਦੇ ਕਾਬੂ ਨਹੀਂ ਆਇਆ ਹੈ। ਬੁਰਹਮ ਅਗਜ਼ਨੀ ਤੇ ਚੋਰੀ ਦੇ ਮਾਮਲੇ ਵਿਚ ਜੇਲ ਵਿਚ ਬੰਦ ਸੀ। ਪੁਲਿਸ ਦਾ ਕਹਿਣਾ ਹੈ ਕਿ ਬੁਰਹਮ ਨਿਊਯਾਰਕ ਵਿਚ ਮਈ ਵਿਚ ਹੋਈ ਹੱਤਿਆ ਦੇ ਮਾਮਲੇ ਵਿਚ ਵੀ ਸ਼ੱਕੀ ਦੋਸ਼ੀ ਹੈ। ਪੁਲਿਸ ਉਸ ਦੀ ਵੱਡੀ ਪੱਧਰ ਉਪਰ ਭਾਲ ਕਰ ਰਹੀ ਹੈ। ਬੁਰਹਮ ਦੀ ਭਾਲ ਦੌਰਾਨ ਜੰਗਲੀ ਖੇਤਰ ਵਿਚੋਂ ਪੁਲਿਸ ਦੇ ਹੱਥ ਇਕ ਬੈਗ ਲੱਗਾ ਹੈ ਜੋ ਤਰਪਾਲ ਨਾਲ ਢੱਕਿਆ ਹੋਇਆ ਸੀ। ਇਕ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਯਕੀਨਨ ਤੌਰ ‘ਤੇ ਇਹ ਬੈਗ ਬੁਰਹਮ ਦਾ ਹੈ। ਇਸ ਬੈਗ ਵਿਚ ਕਪੜੇ, ਕੁਝ ਖਾਣ ਪੀਣ ਦੀਆਂ ਚੀਜਾਂ ਤੇ ਹੋਰ ਸਮਾਨ ਹੈ। ਸਟੇਟ ਪੁਲਿਸ ਦੇ ਲੈਫਟੀਨੈਂਟ ਕਰਨਲ ਜਾਰਜ ਬੀਵਨਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਬੈਗ ਵਾਰਨ ਸ਼ਹਿਰ ਦੇ ਨੇੜੇ ਜੰਗਲੀ ਖੇਤਰ ਵਿਚੋਂ ਮਿਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁਰਹਮ ਜੰਗਲੀ ਖੇਤਰ ਵਿਚ ਜੀਣ ਦਾ ਹੁਨਰ ਰਖਦਾ ਹੈ ਤੇ ਜੋ ਸਬੂਤ ਮਿਲੇ ਹਨ ਉਨਾਂ ਤੋਂ ਇਹ ਵਿਸ਼ਵਾਸ਼ ਕਰਨਾ ਬਿਲਕੁਲ ਵਾਜਬ ਹੈ ਉਹ ਇਸ ਖੇਤਰ ਵਿਚ ਹੀ ਕਿਤੇ ਲੁੱਕਿਆ ਹੋ ਸਕਦਾ ਹੈ। ਉਸ ਦੀ ਭਾਲ ਵਿਚ 200 ਲਾਅ ਇਨਫੋਸਮੈਂਟ ਜਵਾਨ ਤੇ 15 ਏਜੰਸੀਆਂ ਲੱਗੀਆਂ ਹੋਈਆਂ ਹਨ।