ਸੈਕਰਾਮੈਂਟੋ, 14 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹੱਤਿਆ ਲਈ ਦੋਸ਼ੀ ਕਰਾਰ ਦਿੱਤਾ ਡਾਨੇਲੋ ਕੈਵਲਕਾਂਟ (34) ਜੋ ਤਕਰੀਬਨ 2 ਹਫਤੇ ਪਹਿਲਾਂ ਪੂਰਬੀ ਪੈਨਸਿਲਵਾਨੀਆ ਦੀ ਇਕ ਜੇਲ ਵਿਚੋਂ ਫਰਾਰ ਹੋ ਗਿਆ ਸੀ, ਅਜੇ ਤੱਕ ਪੁਲਿਸ ਦੇ ਕਾਬੂ ਨਹੀਂ ਆਇਆ ਜਦ ਕਿ ਪੁਲਿਸ ਉਸ ਦੀ ਭਾਲ ਜੰਗੀ ਪੱਧਰ ਉਪਰ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਉਹ ਹਥਿਆਰਬੰਦ ਹੈ ਤੇ ਖਤਰਨਾਕ ਬਣ ਚੁੱਕਾ ਹੈ। ਹੰਗਾਮੀ ਚੌਕਸੀ ਵਿਭਾਗ ਅਨੁਸਾਰ ਕੈਵਲਕਾਂਟ ਨੂੰ ਸੋਮਵਾਰ ਦੀ ਰਾਤ ਨੂੰ ਚੈਸਟਰ ਕਾਊਂਟੀ ਦੇ ਦੱਖਣੀ ਕੋਵੈਂਟਰੀ ਟਾਊਨਸ਼ਿੱਪ ਵਿਚ ਵੇਖਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਇਕ ਸਥਾਨਕ ਘਰ ਦੇ ਮਾਲਕ ਦੀ ਇਕ ਗੈਰਾਜ ਵਿਚੋਂ ਰਾਈਫਲ ਚੋਰੀ ਕਰ ਲਈ ਹੈ। ਹਾਲਾਂ ਕਿ ਮਾਲਕ ਨੇ ਉਸ ਉਪਰ ਕਈ ਗੋਲੀਆਂ ਚਲਾਈਆਂ ਪਰ ਉਹ ਰਾਈਫਲ ਲੈ ਕੇ ਫਰਾਰ ਹੋ ਗਿਆ। ਪੈਨਸਿਲਵਾਨੀਆ ਸਟੇਟ ਪੁਲਿਸ ਜੋ ਉਸ ਨੂੰ ਕਾਬੂ ਕਰਨ ਦੀ ਮੁਹਿੰਮ ਦੀ ਅਗਵਾਈ ਕਰ ਰਹੀ ਹੈ, ਨੇ ਤਲਾਸ਼ੀ ਵਾਲੇ ਖੇਤਰ ਦੀ ਨਿਸ਼ਾਨਦੇਹੀ ਕਰਨ ਉਪਰੰਤ ਆਪਣੀ ਮੁਹਿੰਮ ਨੂੰ ਤੇਜ ਕਰ ਦਿੱਤਾ ਹੈ। ਪੁਲਿਸ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।