ਨਵੀਂ ਦਿੱਲੀ, 26 ਜੂਨ (ਪੰਜਾਬ ਮੇਲ)- ਭਾਰਤ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਛੋਲੇ, ਦਾਲ ਅਤੇ ਸੇਬ ਸਮੇਤ 8 ਉਤਪਾਦਾਂ ਤੋਂ ਕਸਟਮ ਡਿਊਟੀ ਹਟਾਵੇਗਾ। ਭਾਰਤ ਨੇ ਇਸ ਉੱਤੇ ਕਸਟਮ ਡਿਊਟੀ 2019 ‘ਚ ਲਾਈ ਸੀ, ਜਦੋਂ ਅਮਰੀਕਾ ਨੇ ਇਸਪਾਤ ਅਤੇ ਐਲੂਮੀਨੀਅਮ ਦੇ ਕੁੱਝ ਉਤਪਾਦਾਂ ਉੱਤੇ ਡਿਊਟੀ ਵਧਾ ਦਿੱਤੀ ਸੀ। ਇਹ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਅਮਰੀਕਾ ਯਾਤਰਾ ਦੌਰਾਨ ਦੋਵੇਂ ਦੇਸ਼ ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਦੇ 6 ਵਿਵਾਦਾਂ ਨੂੰ ਖ਼ਤਮ ਕਰਨ ਅਤੇ ਅਮਰੀਕਾ ਦੇ ਉਤਪਾਦਾਂ ਉੱਤੇ ਬਦਲੇ ਦੇ ਰੂਪ ‘ਚ ਲਾਈ ਡਿਊਟੀ ਨੂੰ ਹਟਾਉਣ ਉੱਤੇ ਸਹਿਮਤ ਹੋਏ ਸਨ।
ਅਮਰੀਕਾ ਨੇ 2018 ‘ਚ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦੇ ਕੇ ਇਸਪਾਤ ਉਤਪਾਦਾਂ ਉੱਤੇ ਕਸਟਮ ਡਿਊਟੀ 25 ਫ਼ੀਸਦੀ ਅਤੇ ਐਲੂਮੀਨੀਅਮ ਦੇ ਕੁੱਝ ਉਤਪਾਦਾਂ ਉੱਤੇ 10 ਫ਼ੀਸਦੀ ਕਸਟਮ ਡਿਊਟੀ ਲਾਉਣ ਦਾ ਫ਼ੈਸਲਾ ਲਿਆ ਸੀ। ਇਸ ਦੇ ਜਵਾਬ ‘ਚ ਭਾਰਤ ਨੇ ਜੂਨ, 2019 ‘ਚ ਅਮਰੀਕਾ ਦੇ 28 ਉਤਪਾਦਾਂ ਉੱਤੇ ਕਸਟਮ ਡਿਊਟੀ ਲਾ ਦਿੱਤੀ ਸੀ। ਸੂਤਰ ਨੇ ਦੱਸਿਆ ਕਿ ਭਾਰਤ ਵੱਲੋਂ ਵਾਧੂ ਡਿਊਟੀ ਨੂੰ ਰੱਦ ਕਰਨ ਦੀ ਸੂਚਨਾ ਤੋਂ ਬਾਅਦ ਇਨ੍ਹਾਂ 8 ਅਮਰੀਕਾ ‘ਚ ਬਣਨ ਵਾਲੇ ਉਤਪਾਦਾਂ ਉੱਤੇ ਡਿਊਟੀ ਸਭ ਤੋਂ ਪਸੰਦੀਦਾ ਦੇਸ਼ (ਐੱਮ.ਐੱਫ.ਐੱਨ.) ਦੀ ਮੌਜੂਦਾ ਦਰ ‘ਤੇ ਵਾਪਸ ਆ ਜਾਵੇਗਾ। ਡਿਊਟੀ 90 ਦਿਨਾਂ ‘ਚ ਖ਼ਤਮ ਹੋ ਜਾਵੇਗੀ।
ਸੂਤਰਾਂ ਨੇ ਦੱਸਿਆ ਕਿ ਸਮਝੌਤੇ ਤਹਿਤ ਭਾਰਤ ਛੋਲੇ (10 ਫ਼ੀਸਦੀ), ਦਾਲ (20 ਫ਼ੀਸਦੀ), ਤਾਜ਼ਾ ਜਾਂ ਸੁੱਕੇ ਬਾਦਾਮ (7 ਰੁਪਏ ਪ੍ਰਤੀ ਕਿਲੋਗ੍ਰਾਮ), ਛਿਲਕੇ ਵਾਲੇ ਬਾਦਾਮ (20 ਰੁਪਏ ਪ੍ਰਤੀ ਕਿਲੋਗ੍ਰਾਮ), ਅਖਰੋਟ (20 ਫ਼ੀਸਦੀ), ਤਾਜ਼ਾ ਸੇਬ (20 ਫ਼ੀਸਦੀ), ਬੋਰਿਕ ਐਸਿਡ (20 ਫ਼ੀਸਦੀ) ਅਤੇ ਮੈਡੀਕਲ ਰੀਐਜੈਂਟ (20 ਫ਼ੀਸਦੀ) ਤੋਂ ਵਾਧੂ ਡਿਊਟੀ ਹਟਾ ਦੇਵੇਗਾ। ਅਮਰੀਕਾ ਦੇ ਸੰਸਦ ਮੈਂਬਰਾਂ ਅਤੇ ਉਦਯੋਗ ਜਗਤ ਨੇ ਇਸ ਡਿਊਟੀ ਨੂੰ ਹਟਾਉਣ ਲਈ ਭਾਰਤ ਨਾਲ ਸਮਝੌਤੇ ਦੇ ਐਲਾਨ ਦਾ ਸਵਾਗਤ ਕੀਤਾ ਹੈ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ। ਬੀਤੇ ਵਿੱਤੀ ਸਾਲ ‘ਚ ਦੋਪੱਖੀ ਮਾਲ ਵਪਾਰ ਵਧ ਕੇ 128.8 ਅਰਬ ਡਾਲਰ ਹੋ ਗਿਆ ਸੀ, ਜੋ ਵਿੱਤੀ ਸਾਲ 2021-22 ‘ਚ 119.5 ਅਰਬ ਡਾਲਰ ਸੀ। ਭਾਰਤ ਸੇਬ ਲਈ ਵਾਸ਼ਿੰਗਟਨ ਦਾ ਦੂਜਾ ਬਰਾਮਦ ਬਾਜ਼ਾਰ ਹੈ।