#AMERICA

ਅਮਰੀਕਾ ਤੋਂ ਕੋਕੀਨ ਲੰਘਾਉਣ ਦੇ ਦੋਸ਼ ਹੇਠ ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ

ਨਿਊਯਾਰਕ, 29 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਭਾਰਤੀ ਮੂਲ ਦੇ ਇਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਰਤੀ ਮੂਲ ਦੇ ਡਰਾਈਵਰ ਨੂੰ ਬੀਤੇ ਦਿਨੀਂ ਐਮਰਸਨ, ਮੈਨੀਟੋਬਾ ਬਾਰਡਰ ਤੋਂ ਆਪਣੇ ਕਮਰਸ਼ੀਅਲ ਟਰੱਕ ਰਾਹੀਂ 63 ਕਿਲੋ ਦੀ ਕਰੀਬ ਸ਼ੱਕੀ ਕੋਕੀਨ ਲੰਘਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।  ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਵਪਾਰਕ ਟਰੱਕ ਦੀ ਜਾਂਚ ਦੌਰਾਨ ਐਮਰਸਨ ਮੈਨੀਟੋਬਾ ਸਰਹੱਦ ਤੋਂ ਕੋਕੀਨ ਹੋਣ ਦਾ ਸ਼ੱਕ ਹੋਇਆ ਸੀ। ਉਨ੍ਹਾਂ ਵੱਲੋਂ ਜਾਂਚ ਕਰਨ ਤੇ ਟਰੱਕ ਵਿਚੋਂ 63 ਕਿਲੋ ਕੌਕੀਨ ਪਾਈ ਗਈ।
ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਅਨੁਸਾਰ ਦੱਖਣੀ ਮੈਨੀਟੋਬਾ ਵਿਚ ਐਮਰਸਨ ਬਾਰਡਰ ਦੀ ਐਂਟਰੀ ਜੋ ਪੇਮਬੀਨਾ, ਉੱਤਰੀ ਡਕੋਟਾ ਰਾਜ ਜੋ ਅਮਰੀਕਾ ਦੇ ਨਾਲ ਜੁੜਦੀ ਹੈ। ਬਾਰਡਰ ਸਰਵਿਸਿਜ਼ ਏਜੰਸੀ ਨੇ ਟਰੱਕ ਡਰਾਈਵਰ ਵਰਿੰਦਰ ਕੌਸ਼ਿਕ (31) ਵਾਸੀ ਵਿਨੀਪੈਗ, ਮੈਨੀਟੋਬਾ ਨੂੰ ਇੱਕ ਨਿਯੰਤਰਿਤ ਨਸ਼ੀਲੇ ਪਦਾਰਥ ਦੀ ਦਰਾਮਦ ਕਰਨ ਦੇ ਦੋਸ਼ ਹੇਠ ਉਸ ਵਿਰੁੱਧ ਦੋਸ਼ ਆਇਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਏਜੰਸੀ ਨੇ ਕਿਹਾ ਕਿ ਇਹ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਕੀਮਤ 6 ਮਿਲੀਅਨ ਡਾਲਰ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਕਿਸੇ ਵੀ ਮੈਨੀਟੋਬਾ ਬੰਦਰਗਾਹ ਤੋਂ ਇਹ ਸਭ ਤੋਂ ਵੱਡੀ ਨਸ਼ੀਲੇ ਪਦਾਰਥ ਦੀ ਬਰਾਮਦਗੀ ਹੈ।

Leave a comment