ਨਿਊਯਾਰਕ, 2 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਭਾਰਤੀ ਮੂਲ ਦੇ ਡਰਾਈਵਰ ਨੂੰ ਬੀਤੇ ਦਿਨੀਂ ਐਮਰਸਨ, ਮੈਨੀਟੋਬਾ ਬਾਰਡਰ ਤੋਂ ਆਪਣੇ ਕਮਰਸ਼ੀਅਲ ਟਰੱਕ ਰਾਹੀਂ 63 ਕਿਲੋ ਦੀ ਕਰੀਬ ਸ਼ੱਕੀ ਕੋਕੀਨ ਲੰਘਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਵਪਾਰਕ ਟਰੱਕ ਦੀ ਜਾਂਚ ਦੌਰਾਨ ਐਮਰਸਨ ਮੈਨੀਟੋਬਾ ਸਰਹੱਦ ਤੋਂ ਕੋਕੀਨ ਹੋਣ ਦਾ ਸ਼ੱਕ ਹੋਇਆ ਸੀ। ਉਨ੍ਹਾਂ ਵੱਲੋਂ ਜਾਂਚ ਕਰਨ ‘ਤੇ ਟਰੱਕ ਵਿਚੋਂ 63 ਕਿਲੋ ਕੋਕੀਨ ਬਰਾਮਦ ਕੀਤੀ ਗਈ।
ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਅਨੁਸਾਰ ਦੱਖਣੀ ਮੈਨੀਟੋਬਾ ਵਿਚ ਐਮਰਸਨ ਬਾਰਡਰ ਦੀ ਐਂਟਰੀ ਜੋ ਪੇਮਬੀਨਾ, ਉੱਤਰੀ ਡਕੋਟਾ ਰਾਜ ਜੋ ਅਮਰੀਕਾ ਦੇ ਨਾਲ ਲੱਗਦਾ ਹੈ, ਬਾਰਡਰ ਸਰਵਿਸਿਜ਼ ਏਜੰਸੀ ਨੇ ਟਰੱਕ ਡਰਾਈਵਰ ਵਰਿੰਦਰ ਕੌਸ਼ਿਕ (31) ਵਾਸੀ ਵਿਨੀਪੈਗ, ਮੈਨੀਟੋਬਾ ਨੂੰ ਨਸ਼ੀਲੇ ਪਦਾਰਥ ਦੀ ਦਰਾਮਦ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਏਜੰਸੀ ਨੇ ਕਿਹਾ ਕਿ ਇਹ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਕੀਮਤ 6 ਮਿਲੀਅਨ ਡਾਲਰ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਕਿਸੇ ਵੀ ਮੈਨੀਟੋਬਾ ਬੰਦਰਗਾਹ ਤੋਂ ਇਹ ਸਭ ਤੋਂ ਵੱਡੀ ਨਸ਼ੀਲੇ ਪਦਾਰਥ ਦੀ ਬਰਾਮਦਗੀ ਹੈ।