ਵਾਸ਼ਿੰਗਟਨ, 28 ਸਤੰਬਰ (ਪੰਜਾਬ ਮੇਲ)- ਅਮਰੀਕਾ ‘ਤੇ ਮੁੜ ਸ਼ਟਡਾਊਨ ਦਾ ਖ਼ਤਰਾ ਮੰਡਰਾਅ ਰਿਹਾ ਹੈ। 30 ਸਤੰਬਰ ਦੀ ਅੱਧੀ ਰਾਤ ਤੱਕ ਜੇਕਰ ਡੈਮੋਕਰੇਟਸ ਅਤੇ ਰਿਪਬਲਿਕਨ ਥੋੜ੍ਹੇ ਸਮੇਂ ਦੇ ਖਰਚ ਬਿੱਲ ‘ਤੇ ਸਹਿਮਤ ਨਹੀਂ ਹੁੰਦੇ ਹਨ, ਤਾਂ ਅਮਰੀਕਾ ਵਿਚ ਸ਼ਟਡਾਊਨ ਦੀ ਸਥਿਤੀ ਲਾਗੂ ਹੋ ਜਾਵੇਗੀ। ਸ਼ਟਡਾਊਨ ਇਕ ਅਜਿਹੀ ਸਥਿਤੀ ਹੈ, ਜਦੋਂ ਅਮਰੀਕੀ ਸਰਕਾਰ, ਏਜੰਸੀਆਂ ਅਤੇ ਸਰਕਾਰੀ ਕਾਰਜਾਂ ਲਈ ਢੁਕਵੀਂ ਫੰਡਿੰਗ ਪਾਸ ਕਰਨ ਵਿਚ ਅਸਮਰੱਥ ਹੋ ਜਾਵੇਗੀ। ਅਮਰੀਕਾ ਦਾ ਕਰਜ਼ਾ 33 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ ਹੈ, ਜੋ ਉਸ ਲਈ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਹ ਕਰਜ਼ਾ ਸੰਕਟ ਇੰਨਾ ਡੂੰਘਾ ਹੋ ਗਿਆ ਹੈ ਕਿ ਉਥੇ ਸ਼ਟਡਾਊਨ ਦੀ ਸਥਿਤੀ ਪੈਦਾ ਹੋ ਗਈ ਹੈ। ਜੇਕਰ ਅਮਰੀਕਾ ‘ਚ ਸੰਕਟ ਹੋਰ ਵਧਿਆ, ਤਾਂ ਉਥੋਂ ਦੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਤੱਕ ਅਟਕ ਜਾਣਗੀਆਂ।
ਦੇਸ਼ ਵਿਚ ਤੇਲ ਦੀਆਂ ਕੀਮਤਾਂ ਉਚਾਈ ‘ਤੇ ਹਨ, ਆਟੋ ਉਦਯੋਗ ਦੇ ਕਰਮਚਾਰੀ ਹੜਤਾਲ ‘ਤੇ ਹਨ ਅਤੇ ਮਹਿੰਗਾਈ ਆਪਣੇ ਸਿਖਰ ‘ਤੇ ਹੈ। ਦੁਨੀਆਂ ਦੇ ਸਾਹਮਣੇ ਆਪਣੀ ਤਾਕਤ ਦਾ ਦਿਖਾਵਾ ਕਰਨ ਵਾਲੇ ਅਮਰੀਕਾ ਦੀ ਅਰਥਵਿਵਸਥਾ ਇਸ ਸਮੇਂ ਮੁਸ਼ਕਲ ਦੌਰ ‘ਚੋਂ ਗੁਜ਼ਰ ਰਹੀ ਹੈ। ਅਰਥ ਵਿਵਸਥਾ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਇਕ ਵਾਰ ਫਿਰ ਮੰਦੀ ਦੀ ਸੰਭਾਵਨਾ ਵਧ ਗਈ ਹੈ। ਅਮਰੀਕਾ ਦੁਨੀਆਂ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਜੇਕਰ ਇਹ ਮੰਦੀ ਵਿਚ ਫਸ ਜਾਂਦਾ ਹੈ, ਤਾਂ ਪੂਰੀ ਦੁਨੀਆਂ ‘ਤੇ ਇਸ ਦਾ ਪ੍ਰਭਾਵ ਪੈ ਸਕਦਾ ਹੈ। ਜੇਕਰ ਸ਼ਟਡਾਊਨ ਹੁੰਦਾ ਹੈ, ਤਾਂ ਅਮਰੀਕੀ ਅਰਥਵਿਵਸਥਾ ਨੂੰ ਹਰ ਹਫ਼ਤੇ 6 ਅਰਬ ਡਾਲਰ ਦਾ ਭਾਰੀ ਨੁਕਸਾਨ ਹੋਵੇਗਾ, ਜਦਕਿ ਚੌਥੀ ਤਿਮਾਹੀ ਤੱਕ ਅਮਰੀਕਾ ਦੀ ਜੀ.ਡੀ.ਪੀ. ‘ਚ 0.1 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੇਗੀ। ਹਾਲਾਂਕਿ ਅਮਰੀਕਾ ਲਈ ਸ਼ਟਡਾਊਨ ਕੋਈ ਨਵੀਂ ਗੱਲ ਨਹੀਂ ਹੈ। ਇੱਥੇ ਪਹਿਲਾਂ ਵੀ ਉਥੇ ਕਈ ਵਾਰ ਸ਼ਟਡਾਊਨ ਚੁੱਕਾ ਹੈ। ਡੋਨਾਲਡ ਟਰੰਪ ਦੇ ਸ਼ਾਸਨ ਦੌਰਾਨ 35 ਦਿਨਾਂ ਦਾ ਲੰਬਾ ਸ਼ਟਡਾਊਨ ਰਿਹਾ ਸੀ।
ਅਮਰੀਕਾ ‘ਤੇ ਮੁੜ ਮੰਡਰਾਅ ਰਿਹੈ ਸ਼ਟਡਾਊਨ ਦਾ ਖ਼ਤਰਾ
